ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ
ਸੰਗਰੂਰ ਦੀ ਫਾਈਨਾਂਸ ਕੰਪਨੀ ਵੱਲੋਂ ਕਿਸ਼ਤਾਂ ਨਾ ਭਰਨ ਦੀ ਆੜ੍ਹ ਵਿਚ ਰਿਕਵਰ ਕਰ ਕੇ ਲਿਜਾਏ ਗਏ ਟਰੱਕ ਦਾ ਇੰਜਨ ਸਮੇਤ ਹੋਰ ਸਾਮਾਨ ਵੇਚ ਦੇਣ ਦੇ ਮਾਮਲੇ ਵਿਚ ਕੰਪਨੀ ਦੇ ਅਧਿਕਾਰੀਆਂ ਅਤੇ ਕਰਿੰਦਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣੇ ਦਾ ਿਘਰਾਓ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੇ ਜਾਣ ਦੇ ਦਿੱਤੇ ਭਰੋਸੇ ਮਗਰੋਂ 2 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਨੂੰ ਅਧੂਰੀ ਕਾਰਵਾਈ ਦੱਸਦਿਆਂ ਕਿਸਾਨ ਯੂਨੀਅਨ ਉਗਰਾਹਾਂ ਨੇ ਘੱਗਾ ਦੀ ਅਨਾਜ ਮੰਡੀ ਵਿਚ ਧਰਨਾ ਦੇ ਕੇ ਮਾਮਲੇ ਵਿਚ ਸ਼ਾਮਲ ਬਾਕੀ ਵਿਅਕਤੀਆਂ ‘ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਦਿੱਤੇ ਭਰੋਸੇ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਦੱਸਿਆ ਕਿ ਹਰਮਨਪ੍ਰਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਕਾਲਾ ਝਾੜ ਨੇ ਜਥੇਬੰਦੀ ਨੂੰ ਦੱਸਿਆ ਹੈ ਕਿ 9 ਸਤੰਬਰ ਨੂੰ ਘੱਗਾ ਵਿਖੇ ਆਪਣਾ ਟਰੱਕ ਬਾਹਰ ਖੜ੍ਹਾ ਕਰ ਕੇ ਨਾਨਕੇ ਘਰ ਅੰਦਰ ਮਿਲਣ ਚਲਾ ਗਿਆ। ਜਦੋਂ ਬਾਹਰ ਆਇਆ ਤਾਂ ਦੇਖਿਆ ਕਿ ਆਪਣੇ ਆਪ ਨੂੰ ਸੁੰਦਰਮ ਫਾਈਨਾਂਸ ਕੰਪਨੀ ਦੇ ਕਰਮਚਾਰੀ ਦੱਸਦੇ ਹੋਏ ਉਸ ਦਾ ਟਰੱਕ ਲੈ ਗਏ। ਜਦੋਂ ਅਗਲੇ ਦਿਨ ਉਕਤ ਕੰਪਨੀ ਦੇ ਦਫ਼ਤਰ ਵਿਚ ਪੁੱਜਾ ਤਾਂ ਪਤਾ ਲੱਗਾ ਕਿ ਉੱਥੇ ਇਨ੍ਹਾਂ ਨੇ ਸਿਰਫ਼ ਟਰੱਕ ਦੀ ਬਾਡੀ ਹੀ ਜਮ੍ਹਾਂ ਕਰਵਾਈ ਅਤੇ ਟਰੱਕ ਦਾ ਇੰਜਣ ਤੇ ਬਾਕੀ ਸਾਮਾਨ ਗ਼ਾਇਬ ਸੀ। ਜਦੋਂ ਕਿ ਸੜਕਾਂ ‘ਤੇ ਲੱਗੇ ਹੋਏ ਕੈਮਰੇ ਦੇਖੇ ਤਾਂ ਇਨ੍ਹਾਂ ‘ਚੋਂ ਇਹ ਕਰਮਚਾਰੀ ਟਰੱਕ ਨੂੰ ਚਲਾ ਕੇ ਲਿਜਾਂਦੇ ਹੋਏ ਦਿਖਾਈ ਦਿੱਤਾ ਸੀ। ਇਸ ਤਰ੍ਹਾਂ ਟਰੱਕ ਦਾ ਸਾਮਾਨ ਖੁਰਦ ਬੁਰਦ ਕਰਨ ‘ਤੇ ਥਾਣਾ ਘੱਗਾ ਵਿਖੇ ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਇਨਸਾਫ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ, ਪਰ ਸੁਣਵਾਈ ਨਾ ਹੋਣ ‘ਤੇ ਥਾਣੇ ਅੱਗੇ ਧਰਨਾ ਦਿੱਤਾ ਗਿਆ ਸੀ। ਪਰ ਫਿਰ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ‘ਤੇ ਪੁਲਿਸ ਥਾਣਾ ਘੱਗਾ ਦਾ ਮੁੱਖ ਦਰਵਾਜ਼ਾ ਬੰਦ ਕੀਤੇ ਜਾਣ ਮਗਰੋਂ ਡੀਐੱਸਪੀ ਪਾਤੜਾਂ ਨੇ ਤਿੰਨ ਦਿਨਾਂ ਵਿਚ ਕਾਰਵਾਈ ਦਿੱਤੇ ਜਾਣ ਦਾ ਭਰੋਸਾ ਦਿੱਤਾ ਸੀ। ਪਰ ਜਥੇਬੰਦੀ ਦੇ ਦਬਾਅ ਦੇ ਚੱਲਦਿਆਂ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਦੋਂਕਿ ਇਸ ਮਾਮਲੇ ਵਿਚ ਸ਼ਾਮਲ ਫਾਈਨਾਂਸ ਕੰਪਨੀ ਦੇ ਮੈਨੇਜਰ ਅਤੇ 4 ਹੋਰ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਲਈ ਰੋਸ ਵਜੋਂ ਕਿਸਾਨ ਜਥੇਬੰਦੀ ਵੱਲੋਂ ਘੱਗਾ ਦੀ ਅਨਾਜ ਮੰਡੀ ਵਿਚ ਧਰਨਾ ਦਿੱਤਾ ਗਿਆ ਹੈ। ਇਸ ਮਗਰੋਂ ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਵੱਲੋਂ ਇਸ ਮਾਮਲੇ ਵਿਚ ਸ਼ਾਮਲ ਬਾਕੀ ਲੋਕਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੇ ਜਾਣ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਘੱਗਾ ਦੇ ਮੁਖੀ ਅਮਨਪਾਲ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਜਗਦੀਪ ਸਿੰਘ ਵਾਸੀ ਵਾਰਡ ਨੰਬਰ 6 ਸੁਰਜਨ ਬਸਤੀ ਦਿੜ੍ਹਬਾ ਅਤੇ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 25 ਅਜੀਤ ਨਗਰ ਬੀ ਸੰਗਰੂਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਪੜਤਾਲੀਆ ਬਿਆਨ ਮਗਰੋਂ ਫਾਈਨਾਂਸ ਕੰਪਨੀ ਦੇ ਮੈਨੇਜਰ ਅਨੀਸ਼ ਕੁਮਾਰ ਤੇ ਕਰਮਜੀਤ ਸਿੰਘ ਵਾਸੀ ਨਾਮਲੂਮ ਸਮੇਤ 3 ਹੋਰ ਅਣਪਛਾਤੇ ਵਿਅਕਤੀਆਂ ਨੂੰ ਇਸ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।



