ਸਪੋਰਟਸ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਅੱਜ ਆਈਸੀਸੀ ਵਿਸ਼ਵ ਕੱਪ 2023 ਦੇ ਆਪਣੇ ਦੂਜੇ ਮੈਚ ਵਿਚ ਅਫਗਾਨਿਸਤਾਨ ਦਾ ਸਾਹਮਣਾ ਕਰੇਗੀ। ਪਹਿਲੇ ਮੈਚ ‘ਚ ਰੋਹਿਤ ਦੀ ਪਲਟਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਗੇਂਦਬਾਜ਼ੀ ‘ਚ ਸਪਿੱਨਰਾਂ ਨੇ ਕਮਾਲ ਕੀਤਾ, ਜਦੋਂਕਿ ਬੱਲੇਬਾਜ਼ੀ ‘ਚ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ਼ ਰਿਹਾ। ਦੂਜੇ ਪਾਸੇ ਹਾਰ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਵਾਲੀ ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕਰਨਾ ਚਾਹੇਗੀ।
ਦਿੱਲੀ ਦੀ ਪਿੱਚ ਦੀ ਰਿਪੋਰਟ
ਭਾਰਤ ਅਤੇ ਅਫਗਾਨਿਸਤਾਨ (IND ਬਨਾਮ AFG) ਵਿਚਕਾਰ ਮੈਚ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਦਿੱਲੀ ਦੇ ਇਸ ਮੈਦਾਨ ‘ਤੇ ਚੌਕਿਆਂ-ਛੱਕਿਆਂ ਦੀ ਭਾਰੀ ਬਰਸਾਤ ਹੁੰਦੀ ਹੈ ਅਤੇ ਕਾਫੀ ਦੌੜਾਂ ਬਣਦੀਆਂ ਹਨ। ਮੈਦਾਨ ਛੋਟਾ ਹੋਣ ਕਾਰਨ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਪਾਰ ਪਹੁੰਚਾਉਣਾ ਕਾਫੀ ਸੌਖਾ ਹੈ। ਇਸੇ ਮੈਦਾਨ ‘ਤੇ ਸ਼ਨਿਚਰਵਾਰ ਸ਼ਾਮ ਨੂੰ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ। ਦੱਖਣੀ ਅਫਰੀਕਾ ਨੇ 428 ਦੌੜਾਂ ਬਣਾਈਆਂ ਸਨ, ਜਦੋਂਕਿ ਸ਼੍ਰੀਲੰਕਾ ਵੀ 326 ਦੌੜਾਂ ਬਣਾਉਣ ‘ਚ ਸਫਲ ਰਹੀ ਸੀ।
ਕੀ ਕਹਿੰਦੇ ਹਨ ਅੰਕੜੇ?
ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਨੇ ਹੁਣ ਤੱਕ ਕੁੱਲ 29 ਵਨਡੇ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇਨ੍ਹਾਂ ਵਿੱਚੋਂ 14 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇਸ ਦੇ ਨਾਲ ਹੀ ਇੰਨੇ ਹੀ ਮੈਚਾਂ ਵਿੱਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ। ਭਾਵ ਇਸ ਮੈਦਾਨ ‘ਤੇ ਵਨਡੇ ਕ੍ਰਿਕਟ ‘ਚ ਟਾਸ ਨੇ ਕੋਈ ਖਾਸ ਭੂਮਿਕਾ ਨਹੀਂ ਨਿਭਾਈ।
ਅਸ਼ਵਿਨ ਨੂੰ ਕਰਨਾ ਪੈ ਸਕਦਾ ਆਰਾਮ
ਦਰਅਸਲ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਇਸ ਮੈਦਾਨ ‘ਤੇ ਜੰਮ ਕੇ ਦੌੜਾਂ ਦੀ ਬਰਸਾਤ ਹੁੰਦੀ ਹੈ। ਦਿੱਲੀ ਦਾ ਇਹ ਮੈਦਾਨ ਵੀ ਬਹੁਤ ਛੋਟਾ ਹੈ ਅਤੇ ਸਪਿੱਨਰਾਂ ਨੂੰ ਪਿੱਚ ਤੋਂ ਜ਼ਿਆਦਾ ਮਦਦ ਨਹੀਂ ਮਿਲਦੀ। ਅਜਿਹੇ ‘ਚ ਰਵੀਚੰਦਰਨ ਅਸ਼ਵਿਨ ਨੂੰ ਮੁਹੰਮਦ ਸ਼ਮੀ ਲਈ ਜਗ੍ਹਾ ਬਣਾਉਣੀ ਪੈ ਸਕਦੀ ਹੈ।
ਸ਼ੁਭਮਨ ਗਿੱਲ ਤੋਂ ਬਿਨਾਂ ਮੈਦਾਨ ‘ਚ ਉਤਰੇਗੀ ਟੀਮ ਇੰਡੀਆ
ਟੀਮ ਇੰਡੀਆ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੀ ਅਫਗਾਨਿਸਤਾਨ ਖਿਲਾਫ ਮੈਚ ਨਹੀਂ ਖੇਡ ਸਕੇਗਾ। ਬੀਸੀਸੀਆਈ ਨੇ ਸੋਮਵਾਰ ਨੂੰ ਗਿੱਲ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਕਿਹਾ ਕਿ ਉਹ ਫਿਲਹਾਲ ਪੂਰੀ ਤਰ੍ਹਾਂ ਠੀਕ ਨਹੀਂ ਹਨ।
ਗਿੱਲ ਭਾਰਤੀ ਟੀਮ ਨਾਲ ਦਿੱਲੀ ਵੀ ਨਹੀਂ ਆਏ ਹਨ ਅਤੇ ਚੇਨਈ ਵਿਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ। ਸ਼ੁਭਮਨ ਗਿੱਲ ਦੇ ਫਿੱਟ ਨਾ ਹੋਣ ਕਾਰਨ ਈਸ਼ਾਨ ਕਿਸ਼ਨ ਕੋਲ ਆਪਣੀ ਕਾਬਲੀਅਤ ਸਾਬਿਤ ਕਰਨ ਦਾ ਇਕ ਹੋਰ ਮੌਕਾ ਹੋਵੇਗਾ।



