Skip to content
Sunday, November 22, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀ.ਸੀ. ਦੀ ਨਵੀਂ ਕੈਬਨਿਟ ’ਚ ਪੰਜਾਬੀਆਂ ਦੀ ਮਾਣਮੱਤੀ ਨੁਮਾਇੰਦਗੀ, ਜੈਸੀ ਸਹੋਤਾ ਤੇ ਹਰਮਨ ਭੰਗੂ ਬਣੇ ਮੰਤਰੀ; ਸਰੀ ਦੇ 6 ਵਿਧਾਇਕਾਂ ਨੂੰ ਅਹਿਮ ਅਹੁਦੇ

By Admin Published 3 min read
ਬੀ.ਸੀ. ਦੀ ਨਵੀਂ ਕੈਬਨਿਟ ’ਚ ਪੰਜਾਬੀਆਂ ਦੀ ਮਾਣਮੱਤੀ ਨੁਮਾਇੰਦਗੀ, ਜੈਸੀ ਸਹੋਤਾ ਤੇ ਹਰਮਨ ਭੰਗੂ ਬਣੇ ਮੰਤਰੀ; ਸਰੀ ਦੇ 6 ਵਿਧਾਇਕਾਂ ਨੂੰ ਅਹਿਮ ਅਹੁਦੇ

ਬੀ.ਸੀ. ਦੀ ਸਿਆਸਤ ਵਿੱਚ ਪੰਜਾਬੀਆਂ ਦੀ ਚੜ੍ਹਤ

ਨਵੀਂ ਸਰਕਾਰ ਵਿੱਚ ਜੈਸੀ ਸਹੋਤਾ, ਹਰਮਨ ਭੰਗੂ ਸਮੇਤ ਕਈ ਪੰਜਾਬੀ ਵਿਧਾਇਕਾਂ ਨੂੰ ਅਹਿਮ ਜ਼ਿੰਮੇਵਾਰੀਆਂ

ਸਰੀ ਦੇ ਛੇ ਵਿਧਾਇਕਾਂ ਨੂੰ ਮਿਲੇ ਵੱਡੇ ਅਹੁਦੇ

ਸਰੀ, (ਹਰਦਮ ਮਾਨ)- ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੀ ਪਛਾਣ ਹੁਣ ਸਿਰਫ਼ ਚੋਣਾਂ ਦੌਰਾਨ ਵੋਟਾਂ ਦੀ ਅਹਿਮੀਅਤ ਤੱਕ ਸੀਮਤ ਨਹੀਂ ਰਹੀ। ਸੂਬੇ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿੱਚ ਪੰਜਾਬੀ ਮੂਲ ਦੇ ਵਿਧਾਇਕਾਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਇਸ ਗੱਲ ਦਾ ਸੰਕੇਤ ਹਨ ਕਿ ਸਿਆਸੀ ਫ਼ੈਸਲਿਆਂ ਦੀ ਪ੍ਰਕਿਰਿਆ ਵਿੱਚ ਵੀ ਇਸ ਭਾਈਚਾਰੇ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ।

ਪ੍ਰੀਮੀਅਰ ਲੋਰਨ ਡੋਰਕਸਨ ਵੱਲੋਂ ਅੱਜ ਆਪਣੀ ਸਰਕਾਰ ਦੀ ਨਵੀਂ ਕੈਬਨਿਟ ਵਿੱਚ ਜੈਸੀ ਸਹੋਤਾ ਨੂੰ ਜਨਤਕ ਸੁਰੱਖਿਆ ਅਤੇ ਸਾਲਿਸਟਰ ਜਨਰਲ ਵਰਗਾ ਅਹਿਮ ਮੰਤਰਾਲਾ ਸੌਂਪਿਆ ਗਿਆ ਹੈ। ਹਰਮਨ ਭੰਗੂ ਨੂੰ ਕਿਰਤ ਮਾਮਲਿਆਂ ਬਾਰੇ ਰਾਜ ਮੰਤਰੀ ਬਣਾਇਆ ਗਿਆ ਹੈ, ਜਦਕਿ ਦੱਖਣੀ ਏਸ਼ਿਆਈ ਮੂਲ ਦੇ ਜੀਸ਼ਾਨ ਵਾਹਲਾ ਨੂੰ ਰਿਹਾਇਸ਼ ਮਾਮਲਿਆਂ ਦੀ ਜ਼ਿੰਮੇਵਾਰੀ ਮਿਲੀ ਹੈ।

ਇਸ ਤੋਂ ਇਲਾਵਾ ਚਾਰ ਪੰਜਾਬੀ ਵਿਧਾਇਕਾਂ ਨੂੰ ਸੰਸਦੀ ਸਕੱਤਰਾਂ ਵਜੋਂ ਸਰਕਾਰ ਦੀ ਕਾਰਜਕਾਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਨਦੀਪ ਧਾਲੀਵਾਲ (ਖੇਡਾਂ ਅਤੇ ਸੱਭਿਆਚਾਰ), ਹਰਜ ਧਾਲੀਵਾਲ (ਟ੍ਰਾਂਸਲਿੰਕ), ਜੋਡੀ ਤੂਰ (ਸੈਰ-ਸਪਾਟਾ) ਅਤੇ ਸਟੀਵ ਕੂਨਰ (ਆਈ.ਸੀ.ਬੀ.ਸੀ.) ਨਾਲ ਸਬੰਧਤ ਮਾਮਲਿਆਂ ਵਿੱਚ ਆਪਣੀ ਭੂਮਿਕਾ ਨਿਭਾਉਣਗੇ।

ਇਸ ਨਵੀਂ ਸਿਆਸੀ ਤਸਵੀਰ ਵਿੱਚ ਸਰੀ ਦਾ ਸਥਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ਼ਹਿਰ ਦੇ ਦਸ ਵਿਧਾਇਕਾਂ ਵਿੱਚੋਂ ਛੇ ਨੂੰ ਮੰਤਰੀ ਜਾਂ ਸੰਸਦੀ ਸਕੱਤਰ ਦੇ ਅਹੁਦੇ ਮਿਲਣੇ ਇਸ ਗੱਲ ਦਾ ਪ੍ਰਮਾਣ ਹਨ ਕਿ ਸਰੀ ਦੀ ਆਵਾਜ਼ ਹੁਣ ਸੂਬਾਈ ਸਰਕਾਰ ਦੇ ਅੰਦਰ ਵੀ ਕਾਫ਼ੀ ਪ੍ਰਭਾਵਸ਼ਾਲੀ ਹੋਵੇਗੀ। ਜੈਸੀ ਸਹੋਤਾ ਅਤੇ ਜੀਸ਼ਾਨ ਵਾਹਲਾ ਨੂੰ ਕੈਬਨਿਟ ਵਿੱਚ ਥਾਂ ਮਿਲੀ ਹੈ। ਦੂਜੇ ਪਾਸੇ ਹਰਜ ਧਾਲੀਵਾਲ, ਮਨਦੀਪ ਸਿੰਘ ਧਾਲੀਵਾਲ, ਬ੍ਰਾਇਨ ਟੈਪਰ ਅਤੇ ਮੇਗਨ ਨਾਈਟ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੰਸਦੀ ਸਕੱਤਰ ਬਣਾਇਆ ਗਿਆ ਹੈ। ਸਰੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਲਈ ਇਹ ਨੁਮਾਇੰਦਗੀ ਮਹੱਤਵਪੂਰਨ ਹੈ। ਟ੍ਰਾਂਸਪੋਰਟ, ਸ਼ਹਿਰੀ ਸੁਰੱਖਿਆ, ਰਿਹਾਇਸ਼ ਅਤੇ ਮੈਟਰੋ ਵੈਨਕੂਵਰ ਨਾਲ ਜੁੜੇ ਮੁੱਦੇ ਇੱਥੋਂ ਦੇ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਸਿੱਧਾ ਸਬੰਧ ਰੱਖਦੇ ਹਨ। ਇਸ ਲਈ ਇਨ੍ਹਾਂ ਅਹੁਦਿਆਂ ’ਤੇ ਬੈਠੇ ਵਿਧਾਇਕਾਂ ਤੋਂ ਸਥਾਨਕ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀਆਂ ਉਮੀਦਾਂ ਵੀ ਵਧਣਗੀਆਂ।

ਅੱਜ ਗਵਰਨਮੈਂਟ ਹਾਊਸ ਵਿਕਟੋਰੀਆ ਵਿਖੇ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੀਮੀਅਰ ਲੋਰਨ ਡੋਰਕਸਨ ਦੇ ਨਾਲ 18 ਮੰਤਰੀਆਂ ਅਤੇ ਛੇ ਰਾਜ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ 12 ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ। ਨਵੀਂ ਸਰਕਾਰ ਵਿੱਚ ਕਲੇਅਰ ਰੈਟੇ ਨੂੰ ਉਪ ਪ੍ਰੀਮੀਅਰ ਅਤੇ ਸਮਾਜਿਕ ਵਿਕਾਸ ਮੰਤਰੀ, ਕੈਰੋਲੀਨ ਇਲੀਅਟ ਨੂੰ ਅਟਾਰਨੀ ਜਨਰਲ, ਪੀਟਰ ਮਿਲੋਬਾਰ ਨੂੰ ਵਿੱਤ ਮੰਤਰੀ ਅਤੇ ਰਿਆਨ ਪੀਟਰਸਨ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਲਿਨ ਬਲਾਕ ਸਿੱਖਿਆ ਅਤੇ ਬਾਲ ਸੰਭਾਲ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ, ਜਦਕਿ ਟ੍ਰੇਵਰ ਹੈਲਫੋਰਡ ਨੂੰ ਆਵਾਜਾਈ ਅਤੇ ਬੁਨਿਆਦੀ ਢਾਂਚੇ ਦਾ ਮੰਤਰਾਲਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਆਨ ਪੈਟਨ ਖੇਤੀਬਾੜੀ, ਕ੍ਰਿਸਟੀਨਾ ਲੋਵੇਨ ਬਾਲ ਅਤੇ ਪਰਿਵਾਰ ਵਿਕਾਸ, ਬਰੂਸ ਬੈਨਮੈਨ ਨਾਗਰਿਕ ਸੇਵਾਵਾਂ ਅਤੇ ਤਕਨਾਲੋਜੀ, ਗੇਵਿਨ ਡਿਊ ਆਰਥਿਕ ਵਿਕਾਸ ਅਤੇ ਸੈਰ-ਸਪਾਟਾ, ਲੈਰੀ ਨਿਊਫੈਲਡ ਊਰਜਾ ਅਤੇ ਖਾਣਾਂ, ਆਲੀਆ ਵਾਰਬਸ ਵਾਤਾਵਰਨ, ਕੀਲ ਗਿਡਨਜ਼ ਜੰਗਲਾਤ ਅਤੇ ਸਕੌਟ ਮੈਕਿਨਿਸ ਸਵਦੇਸ਼ੀ ਲੋਕਾਂ ਨਾਲ ਸਬੰਧਾਂ ਬਾਰੇ ਵਿਭਾਗਾਂ ਦੀ ਅਗਵਾਈ ਕਰਨਗੇ। ਕੈਥੀ ਓਨਸਟੈਡ ਨੂੰ ਸਥਾਨਕ ਸਰਕਾਰਾਂ, ਰਿਹਾਇਸ਼, ਖੇਡਾਂ ਅਤੇ ਸੱਭਿਆਚਾਰ, ਕੋਰਕੀ ਨਿਊਫੈਲਡ ਨੂੰ ਉੱਚ ਸਿੱਖਿਆ ਅਤੇ ਕਿਰਤ ਮਾਮਲਿਆਂ ਅਤੇ ਡੋਨੇਗਲ ਵਿਲਸਨ ਨੂੰ ਜਲ, ਭੂਮੀ ਅਤੇ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਜ ਮੰਤਰੀਆਂ ਵਿੱਚ ਕਾਰਸਨ ਬਿੰਡਾ, ਐਨਾ ਕਿੰਡੀ, ਪੀਟ ਡੇਵਿਸ ਅਤੇ ਵਾਰਡ ਸਟੈਮਰ ਨੂੰ ਕ੍ਰਮਵਾਰ ਲਾਲ ਫੀਤਾਸ਼ਾਹੀ ਘਟਾਉਣ, ਪੇਂਡੂ ਵਿਕਾਸ ਅਤੇ ਐਮਰਜੈਂਸੀ ਪ੍ਰਬੰਧਨ ਨਾਲ ਸਬੰਧਤ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

—

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663

ਈਮੇਲ : maanbabushahi@gmail.com

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp