ਆਈਏਐੱਨਐੱਸ, ਨਵੀਂ ਦਿੱਲੀ : ਚੀਨੀ ਫੰਡਿੰਗ ਦੇ ਮਾਮਲੇ ‘ਚ ਨਿਊਜ਼ ਵੈੱਬਸਾਈਟ ਨਿਊਜ਼ਕਲਿਕ (NewsClick) ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਤਾਜ਼ਾ ਮਾਮਲੇ ‘ਚ ਦਿੱਲੀ ਪੁਲfਸ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀ ਵੈੱਬ ਪੋਰਟਲ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਨਾਲ ਨਿਊਜ਼ਕਲਿੱਕ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।

ਸੀਬੀਆਈ ਹੁਣ ਨਿਊਜ਼ਕਲਿੱਕ ਵਿਰੁੱਧ ਵਿਦੇਸ਼ੀ ਫੰਡਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰੇਗੀ। ਇਸ ਤਹਿਤ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਵੈੱਬ ਪੋਰਟਲ ਦੇ ਦਫਤਰ ਸਮੇਤ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਸੀਬੀਆਈ ਦਿੱਲੀ ਵਿਚ ਨਿਊਜ਼ਕਲਿੱਕ ਅਤੇ ਉਸ ਦੇ ਸੰਪਾਦਕ ਪ੍ਰਬੀਰ ਪੁਰਕਾਯਸਥ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲੈ ਰਹੀ ਹੈ।

ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਿਕ ਸੀਬੀਆਈ ਨਿਊਜ਼ਕਲਿੱਕ ਖ਼ਿਲਾਫ਼ ਵਿਦੇਸ਼ੀ ਫੰਡ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰੇਗੀ। ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਸੀਬੀਆਈ ਦੀ ਟੀਮ ਵੱਲੋਂ ਨਿਊਜ਼ਕਲਿੱਕ ਦੇ ਦੋ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਤੋਂ ਪਹਿਲਾਂ ਹਾਲ ਹੀ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਿਊਜ਼ਕਲਿੱਕ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਪੁੱਛਗਿੱਛ ਲਈ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਗਿਆ।

38 ਕਰੋੜ ਰੁਪਏ ਦੀ ਵਿਦੇਸ਼ੀ ਫੰਡਿੰਗ ਦਾ ਹੈ ਦੋਸ਼

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ੍ਹ ਯਾਨੀ ਮੰਗਲਵਾਰ (11 ਅਕਤੂਬਰ) ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਊਜ਼ ਪੋਰਟਲ ਨਿਊਜ਼ ਪੋਰਟਲ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਅਤੇ ਐਚਆਰ ਮੁਖੀ ਅਮਿਤ ਚੱਕਰਵਰਤੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਕੇ 10 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਇਸ ‘ਤੇ ਚੀਨ ਦੇ ਹੱਕ ਵਿਚ ਸਪਾਂਸਰਡ ਖ਼ਬਰਾਂ ਚਲਾਉਣ ਲਈ ਚੀਨੀ ਕੰਪਨੀਆਂ ਰਾਹੀਂ 38 ਕਰੋੜ ਰੁਪਏ ਦੀ ਫੰਡਿੰਗ ਦਾ ਗੰਭੀਰ ਦੋਸ਼ ਹੈ।