‘ਥੈਂਕਸਗਿਵਿੰਗ’ ਤੋਂ ਪਹਿਲਾਂ ਅਮਰੀਕਾ ਵਿੱਚ ਹਵਾਈ ਸੇਵਾਵਾਂ ਪ੍ਰਭਾਵਿਤ, ਡੈਲਟਾ ਏਅਰਲਾਈਨਜ਼ ਦੀਆਂ 2000 ਉਡਾਣਾਂ ਵਿੱਚ ਦੇਰੀ
ਨਿਊਯਾਰਕ: ਅਮਰੀਕਾ ਵਿੱਚ 'ਥੈਂਕਸਗਿਵਿੰਗ' ਦੀਆਂ ਛੁੱਟੀਆਂ ਤੋਂ ਠੀਕ ਪਹਿਲਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਡੈਲਟਾ ਏਅਰਲਾਈਨਜ਼ ਦੀ ਸਵੈ-ਚਾਲਿਤ ਵਜ਼ਨ ਗਣਨਾ ਪ੍ਰਣਾਲੀ ਵਿੱਚ ਤਕਨੀਕੀ ਖ਼ਰਾਬੀ ਆ ਗਈ। ਇਸ ਖ਼ਰਾਬੀ ਕਾਰਨ ਐਤਵਾਰ ਨੂੰ ਏਅਰਲਾਈਨ ਦੀਆਂ ਲਗਭਗ 58 ਫ਼ੀਸਦੀ ਯਾਨੀ ਕਰੀਬ 2,000 ਉਡਾਣਾਂ ਵਿੱਚ ਦੇਰੀ ਹੋਈ, ਜਦਕਿ 3 ਫ਼ੀਸਦੀ ਉਡਾਣਾਂ ਰੱਦ ਕਰਨੀਆਂ ਪਈਆਂ।
ਇਹ ਪ੍ਰਣਾਲੀ ਜਹਾਜ਼ ਦੇ ਕੁੱਲ ਵਜ਼ਨ ਅਤੇ ਸੰਤੁਲਨ ਦੀ ਜਾਂਚ ਕਰਦੀ ਹੈ, ਜੋ ਉਡਾਣ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੁੰਦੀ ਹੈ। ਤਕਨੀਕੀ ਨੁਕਸ ਪੈਣ ਤੋਂ ਬਾਅਦ ਕੰਪਨੀ ਦੇ ਕਰਮਚਾਰੀਆਂ ਨੂੰ ਮੈਨੂਅਲ ਤਰੀਕੇ ਨਾਲ ਕੰਮ ਚਲਾਉਣਾ ਪਿਆ। ਇਸੇ ਦੌਰਾਨ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਨੇ ਦੁਨੀਆ ਦੇ ਸਭ ਤੋਂ ਰੁਝੇਵੇਂ ਵਾਲੇ ਅਟਲਾਂਟਾ ਹਵਾਈ ਅੱਡੇ ਵੱਲ ਆਉਣ ਵਾਲੀਆਂ ਕੁਝ ਉਡਾਣਾਂ 'ਤੇ ਕਰੀਬ ਇੱਕ ਘੰਟੇ ਲਈ ਅਸਥਾਈ ਰੋਕ ਵੀ ਲਗਾਈ।
ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਿਸਟਮ ਮੁੜ ਬਹਾਲ ਹੋ ਸਕਿਆ। ਡੈਲਟਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਪ੍ਰਭਾਵਿਤ ਮੁਸਾਫ਼ਰਾਂ ਲਈ ਖਾਣੇ, ਹੋਟਲ ਵਿੱਚ ਠਹਿਰਨ ਅਤੇ ਬਦਲਵੀਆਂ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਨਾਲ ਹੀ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਨ੍ਹਾਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।



