ਈਰਾਨ ਨੇ ਪੇਸ਼ ਕੀਤੀ ਨਵੀਂ ਫ਼ੌਜੀ ਤਕਨੀਕ, ਇੱਕੋ ਲਾਂਚਰ ਤੋਂ ਦਾਗ਼ੀਆਂ ਜਾ ਸਕਣਗੀਆਂ ਦੋ ਮਿਜ਼ਾਈਲਾਂ
ਤਹਿਰਾਨ: ਆਪਣੀ ਫ਼ੌਜੀ ਸਮਰੱਥਾ ਨੂੰ ਹੋਰ ਧਾਰ ਦਿੰਦਿਆਂ ਈਰਾਨ ਨੇ ਪਹਿਲੀ ਵਾਰ ਅਜਿਹਾ ਡੁਅਲ-ਮਿਜ਼ਾਈਲ ਲਾਂਚਰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਹੈ, ਜਿਸ ਰਾਹੀਂ ਇੱਕੋ ਸਮੇਂ ਤਰਲ ਈਂਧਣ ਵਾਲੀਆਂ ਦੋ ਮਿਜ਼ਾਈਲਾਂ ਦਾਗ਼ੀਆਂ ਜਾ ਸਕਦੀਆਂ ਹਨ। ਇਸ ਨਵੀਂ ਪ੍ਰਣਾਲੀ ਦਾ ਪ੍ਰਦਰਸ਼ਨ ਉਸ ਵੇਲੇ ਕੀਤਾ ਗਿਆ, ਜਦੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਕਮਾਂਡਰ-ਇਨ-ਚੀਫ਼ ਮੇਜਰ ਜਨਰਲ ਵਾਹਿਦੀ ਨੇ ਸ਼ਨੀਵਾਰ ਨੂੰ ਈਰਾਨ ਦੀ 'ਮਿਜ਼ਾਈਲ ਸਿਟੀ' ਦਾ ਦੌਰਾ ਕਰਕੇ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਜਨਰਲ ਵਾਹਿਦੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਈਰਾਨ ਵਿਰੁੱਧ ਹਮਲਿਆਂ ਵਿੱਚ ਨਾਟੋ (NATO) ਦੇ ਸਾਰੇ ਮੈਂਬਰ ਦੇਸ਼ ਸ਼ਾਮਲ ਸਨ ਅਤੇ 5 ਹਜ਼ਾਰ ਤੋਂ ਵੱਧ ਹਵਾਈ ਮੁਹਿੰਮਾਂ ਚਲਾਈਆਂ ਗਈਆਂ, ਪਰ ਇਸ ਦੇ ਬਾਵਜੂਦ ਉਹ ਈਰਾਨ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਆਈ.ਆਰ.ਜੀ.ਸੀ. ਦੀ ਏਅਰੋਸਪੇਸ ਫੋਰਸ ਨੇ ਅਜਿਹੀਆਂ ਆਧੁਨਿਕ ਪ੍ਰਣਾਲੀਆਂ ਵਿਕਸਿਤ ਕਰ ਲਈਆਂ ਹਨ ਜੋ ਕਿਸੇ ਵੀ ਖ਼ਤਰੇ ਦਾ ਮੂੰਹ-ਤੋੜ ਜਵਾਬ ਦੇਣ ਦੇ ਸਮਰੱਥ ਹਨ। ਈਰਾਨੀ ਅਧਿਕਾਰੀਆਂ ਅਨੁਸਾਰ ਇਹ ਨਵਾਂ ਲਾਂਚਰ ਮਿਜ਼ਾਈਲਾਂ ਨੂੰ ਸਿੱਧਾ ਉੱਪਰ ਵੱਲ ਦਾਗ਼ਣ ਅਤੇ ਲੋੜ ਅਨੁਸਾਰ ਉਨ੍ਹਾਂ ਦੀ ਰਫ਼ਤਾਰ ਵਿੱਚ ਬਦਲਾਅ ਕਰਨ ਦੀ ਖ਼ਾਸ ਸਮਰੱਥਾ ਰੱਖਦਾ ਹੈ।



