ਚੀਨ ਦੇ AI ਸੁਪਨਿਆਂ ਨੂੰ ਵੱਡਾ ਝਟਕਾ, ਸ਼ੇਅਰ ਬਾਜ਼ਾਰ ਵਿੱਚ 44 ਫ਼ੀਸਦੀ ਗਿਰਾਵਟ ਨੇ ਵਧਾਈ ਸ਼ੀ ਜਿਨਪਿੰਗ ਦੀ ਚਿੰਤਾ
ਬੀਜਿੰਗ: ਚੀਨ ਦੀ ਆਰਥਿਕਤਾ ਇਸ ਵੇਲੇ ਇੱਕ ਨਵੇਂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਖੇਤਰ ਵਿੱਚ ਆਈ ਮੰਦੀ ਅਤੇ ਸ਼ੇਅਰ ਬਾਜ਼ਾਰ ਦੀ ਲਗਾਤਾਰ ਗਿਰਾਵਟ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। 'ਯਾਰਡੇਨੀ ਰਿਸਰਚ' ਦੀ ਰਿਪੋਰਟ ਅਨੁਸਾਰ ਚੀਨ ਦਾ ਤਕਨਾਲੋਜੀ ਆਧਾਰਿਤ 'STAR 50' ਇੰਡੈਕਸ ਆਪਣੇ ਉੱਚਤਮ ਪੱਧਰ ਤੋਂ ਲਗਭਗ 44 ਫ਼ੀਸਦੀ ਹੇਠਾਂ ਡਿੱਗ ਚੁੱਕਾ ਹੈ, ਜੋ ਅਮਰੀਕੀ ਬਾਜ਼ਾਰ ਨਾਲੋਂ ਕਿਤੇ ਵੱਧ ਗੰਭੀਰ ਸਥਿਤੀ ਹੈ।
ਰਾਸ਼ਟਰਪਤੀ ਜਿਨਪਿੰਗ ਚਾਹੁੰਦੇ ਹਨ ਕਿ ਚੀਨੀ ਨਾਗਰਿਕ ਰੀਅਲ ਅਸਟੇਟ ਦੀ ਬਜਾਏ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤਾਂ ਜੋ ਏ.ਆਈ. ਅਤੇ ਆਧੁਨਿਕ ਤਕਨੀਕਾਂ ਲਈ ਪੂੰਜੀ ਜੁਟਾਈ ਜਾ ਸਕੇ। ਪਰ ਹਾਊਸਿੰਗ ਸੈਕਟਰ ਦੇ ਸੰਕਟ ਅਤੇ ਪ੍ਰਾਪਰਟੀ ਨਿਵੇਸ਼ ਵਿੱਚ 22 ਫ਼ੀਸਦੀ ਦੀ ਗਿਰਾਵਟ ਨੇ ਲੋਕਾਂ ਦੀ ਖ਼ਰਚ ਕਰਨ ਦੀ ਸਮਰੱਥਾ ਘਟਾ ਦਿੱਤੀ ਹੈ। ਵਧਦੇ ਟੈਕਸ, ਊਰਜਾ ਦੀ ਲਾਗਤ ਅਤੇ ਕੌਮਾਂਤਰੀ ਵਪਾਰਕ ਪਾਬੰਦੀਆਂ ਦੇ ਡਰ ਕਾਰਨ ਆਮ ਨਿਵੇਸ਼ਕਾਂ ਦਾ ਬਾਜ਼ਾਰ ਤੋਂ ਭਰੋਸਾ ਉੱਠ ਰਿਹਾ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਏ.ਆਈ. ਖੇਤਰ ਦਾ ਇਹ ਬੁਲਬੁਲਾ ਫੁੱਟਦਾ ਹੈ, ਤਾਂ ਚੀਨ ਦੀ ਤਕਨੀਕੀ ਸਾਖ਼ ਅਤੇ ਆਰਥਿਕਤਾ ਦੋਵਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਵੀ ਪੂੰਜੀ ਬਾਜ਼ਾਰ ਨੂੰ ਸਥਿਰ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ।



