Skip to content
Tuesday, November 10, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਕਾਰੋਬਾਰ Business

ਐਨਵੀਡੀਆ ਦੇ ਸੀਈਓ ਜੇਨਸਨ ਹੁਆਂਗ ਨੂੰ ਵੱਡਾ ਝਟਕਾ: ਇਕ ਦਿਨ ‘ਚ 69.5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ, ਵਿਵਾਦਾਂ ਨੇ ਵਧਾਈ ਮੁਸ਼ਕਲ

By Admin Published 2 min read
ਐਨਵੀਡੀਆ ਦੇ ਸੀਈਓ ਜੇਨਸਨ ਹੁਆਂਗ ਨੂੰ ਵੱਡਾ ਝਟਕਾ: ਇਕ ਦਿਨ ‘ਚ 69.5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ, ਵਿਵਾਦਾਂ ਨੇ ਵਧਾਈ ਮੁਸ਼ਕਲ

ਨਵੀਂ ਦਿੱਲੀ: ਪ੍ਰਮੁੱਖ ਟੈਕਨਾਲੋਜੀ ਕੰਪਨੀ ਐਨਵੀਡੀਆ (Nvidia) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਜੇਨਸਨ ਹੁਆਂਗ ਦੀ ਸੰਪਤੀ ਵਿੱਚ ਇੱਕ ਹੀ ਦਿਨ ਅੰਦਰ 7.4 ਅਰਬ ਡਾਲਰ (ਕਰੀਬ 69.5 ਹਜ਼ਾਰ ਕਰੋੜ ਰੁਪਏ) ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੇਅਰਾਂ ਦੀਆਂ ਕੀਮਤਾਂ ਡਿੱਗਣ ਕਾਰਨ ਉਨ੍ਹਾਂ ਦੀ ਕੁੱਲ ਸੰਪਤੀ ਹੁਣ 154.7 ਅਰਬ ਡਾਲਰ ਰਹਿ ਗਈ ਹੈ, ਜਿਸ ਕਾਰਨ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਅੱਠਵੇਂ ਤੋਂ ਖਿਸਕ ਕੇ ਦਸਵੇਂ ਸਥਾਨ 'ਤੇ ਪੁੱਜ ਗਏ ਹਨ।

ਫੋਰਬਸ ਦੀ ਰਿਪੋਰਟ ਮੁਤਾਬਕ, 9 ਨਵੰਬਰ ਨੂੰ ਕਾਰੋਬਾਰ ਸ਼ੁਰੂ ਹੋਣ ਦੇ ਮਹਿਜ਼ ਅੱਧੇ ਘੰਟੇ ਦੇ ਅੰਦਰ ਹੀ ਹੁਆਂਗ ਨੂੰ ਇਹ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਹੁਆਂਗ, ਜਿਨ੍ਹਾਂ ਕੋਲ ਕੰਪਨੀ ਦੀ 3.5 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ, ਦੀ ਸੰਪਤੀ ਸਿੱਧੇ ਤੌਰ 'ਤੇ ਐਨਵੀਡੀਆ ਦੇ ਸ਼ੇਅਰਾਂ ਦੇ ਉਤਰਾਅ-ਚੜ੍ਹਾਅ ਨਾਲ ਜੁੜੀ ਹੋਈ ਹੈ।

ਇਸ ਵੱਡੇ ਆਰਥਿਕ ਨੁਕਸਾਨ ਦੇ ਨਾਲ-ਨਾਲ ਹੁਆਂਗ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਛਿੜੇ ਵਿਵਾਦ ਨੇ ਵੀ ਕੰਪਨੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖਬਰਾਂ ਮੁਤਾਬਕ, ਹੁਆਂਗ ਨੇ ਆਪਣੀ ਪਤਨੀ ਨਾਲ ਬੇਵਫਾਈ ਦੀ ਗੱਲ ਕਬੂਲੀ ਹੈ। ਉਨ੍ਹਾਂ ਦਾ ਨਾਂ ਇੱਕ ਸਾਬਕਾ ਅਧਿਕਾਰੀ ਐਲਿਸ ਹੁਆਂਗ ਨਾਲ ਜੋੜਿਆ ਜਾ ਰਿਹਾ ਹੈ, ਜਿਸ ਬਾਰੇ ਅਮਰੀਕੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਚੀਨ ਦੀ ਖੁਫੀਆ ਏਜੰਸੀ ਲਈ ਕੰਮ ਕਰਦੀ ਸੀ। ਭਾਵੇਂ ਐਨਵੀਡੀਆ ਦੇ ਬੋਰਡ ਨੇ ਕਿਸੇ ਵੀ ਤਰ੍ਹਾਂ ਦੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਦੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕੰਪਨੀ ਨੇ ਮਾਮਲੇ ਦੀ ਸੁਤੰਤਰ ਜਾਂਚ ਦਾ ਐਲਾਨ ਕੀਤਾ ਹੈ, ਪਰ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ।

ਕੁਝ ਸ਼ੇਅਰਧਾਰਕਾਂ ਨੇ ਕੰਪਨੀ ਅਤੇ ਹੁਆਂਗ ਖਿਲਾਫ ਮੁਕੱਦਮਾ ਵੀ ਦਾਇਰ ਕਰ ਦਿੱਤਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕੰਪਨੀ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਲੁਕੋ ਕੇ ਸ਼ੇਅਰਧਾਰਕਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਨਾਲ ਕੰਪਨੀ ਦੇ ਭਵਿੱਖ ਅਤੇ ਅਕਸ 'ਤੇ ਮਾੜਾ ਅਸਰ ਪੈ ਸਕਦਾ ਹੈ। ਜੇਨਸਨ ਹੁਆਂਗ ਫਿਲਹਾਲ ਅਪਣੇ ਅਹੁਦੇ 'ਤੇ ਕਾਇਮ ਹਨ, ਪਰ ਸ਼ੇਅਰਾਂ ਵਿੱਚ ਆਈ ਇਸ ਗਿਰਾਵਟ ਅਤੇ ਕਾਨੂੰਨੀ ਪੇਚੀਦਗੀਆਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp