ਵਿਦੇਸ਼ਾਂ ਵਿੱਚ ਭਾਰਤੀ ਚਾਹ ਦੀ ਵਧੀ ਧਾਂਕ, 988 ਮਿਲੀਅਨ ਡਾਲਰ ਤੱਕ ਪਹੁੰਚੀ ਬਰਾਮਦ
ਨਵੀਂ ਦਿੱਲੀ: ਭਾਰਤ ਨੇ ਕੌਮਾਂਤਰੀ ਬਾਜ਼ਾਰ ਵਿੱਚ ਚਾਹ ਦੇ ਖੇਤਰ ਵਿੱਚ ਆਪਣੀ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। ਭਾਰਤ ਦੁਨੀਆ ਵਿੱਚ 'ਬਲੈਕ ਟੀ' ਦਾ ਸਭ ਤੋਂ ਵੱਡਾ ਉਤਪਾਦਕ ਅਤੇ ਚਾਹ ਦਾ ਤੀਜਾ ਸਭ ਤੋਂ ਵੱਡਾ ਬਰਾਮਦਕਾਰ ਬਣਿਆ ਹੋਇਆ ਹੈ। ਵਿੱਤੀ ਸਾਲ 2025-26 ਦੌਰਾਨ ਦੇਸ਼ ਨੇ 282.11 ਮਿਲੀਅਨ ਕਿਲੋਗ੍ਰਾਮ ਚਾਹ ਦੀ ਬਰਾਮਦ ਕੀਤੀ, ਜਿਸ ਦੀ ਕੁੱਲ ਕੀਮਤ 988.13 ਮਿਲੀਅਨ ਅਮਰੀਕੀ ਡਾਲਰ ਰਹੀ। ਇਹ ਅੰਕੜੇ ਭਾਰਤੀ ਖੇਤੀਬਾੜੀ ਅਰਥਵਿਵਸਥਾ ਵਿੱਚ ਚਾਹ ਉਦਯੋਗ ਦੇ ਵੱਡੇ ਯੋਗਦਾਨ ਨੂੰ ਦਰਸਾਉਂਦੇ ਹਨ।
ਚਾਹ ਉਦਯੋਗ ਨੂੰ ਹੋਰ ਹੁਲਾਰਾ ਦੇਣ ਲਈ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਪੱਛਮੀ ਬੰਗਾਲ ਦੇ ਕੁਰਸੇਓਂਗ ਵਿਖੇ 'ਟੀ ਬੋਰਡ ਇੰਡੀਆ' ਵੱਲੋਂ ਕਰਵਾਈ ਗਈ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਦਾਰਜੀਲਿੰਗ ਚਾਹ ਉਦਯੋਗ ਨੂੰ ਮੁੜ ਸੁਰਜੀਤ ਕਰਨ, ਚਾਹ ਦੀ ਗੁਣਵੱਤਾ ਸੁਧਾਰਨ ਅਤੇ ਖੋਜ ਕਾਰਜਾਂ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ, ਚਾਹ ਦੀ ਨਿਲਾਮੀ ਪ੍ਰਣਾਲੀ ਨੂੰ ਤਕਨੀਕ ਰਾਹੀਂ ਹੋਰ ਪਾਰਦਰਸ਼ੀ ਅਤੇ ਤੇਜ਼ ਬਣਾਉਣ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। 'ਐਕਸਪੋਰਟ ਪ੍ਰਮੋਸ਼ਨ ਮਿਸ਼ਨ' ਤਹਿਤ ਨਵੇਂ ਕੌਮਾਂਤਰੀ ਬਾਜ਼ਾਰਾਂ ਵਿੱਚ ਭਾਰਤੀ ਚਾਹ ਦੀ ਪਹੁੰਚ ਵਧਾਉਣ ਦੇ ਨਾਲ-ਨਾਲ ਚਾਹ ਬਾਗ਼ਾਂ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੀ ਠੋਸ ਕਦਮ ਚੁੱਕਣ 'ਤੇ ਸਹਿਮਤੀ ਬਣੀ।



