ਪਾਕਿਸਤਾਨ ਵਿੱਚ ਦਵਾਈਆਂ ਦਾ ਗੰਭੀਰ ਸੰਕਟ: ਕੈਂਸਰ ਦੀਆਂ ਦਵਾਈਆਂ 10 ਗੁਣਾ ਮਹਿੰਗੀਆਂ, ਕਈ ਕੰਪਨੀਆਂ ਬੰਦ ਹੋਣ ਕਿਨਾਰੇ
ਇਸਲਾਮਾਬਾਦ: ਪਾਕਿਸਤਾਨ ਵਿੱਚ ਡੂੰਘੇ ਹੁੰਦੇ ਆਰਥਿਕ ਸੰਕਟ ਨੇ ਹੁਣ ਦੇਸ਼ ਦੇ ਦਵਾਈ ਉਦਯੋਗ ਅਤੇ ਆਮ ਮਰੀਜ਼ਾਂ ਦਾ ਲੱਕ ਤੋੜ ਦਿੱਤਾ ਹੈ। ਕੌਮਾਂਤਰੀ ਮੁਦਰਾ ਕੋਸ਼ (IMF) ਤੋਂ 1.1 ਅਰਬ ਡਾਲਰ ਦੀ ਸਹਾਇਤਾ ਮਿਲਣ ਵਿੱਚ ਹੋ ਰਹੀ ਦੇਰੀ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਪਾਕਿਸਤਾਨ ਵਿੱਚ ਦਵਾਈਆਂ ਦਾ ਉਤਪਾਦਨ 21.5 ਫ਼ੀਸਦੀ ਡਿੱਗ ਗਿਆ ਹੈ। ਹਾਲਾਤ ਇੰਨੇ ਨਾਜ਼ੁਕ ਹਨ ਕਿ ਕਈ ਦਵਾਈ ਕੰਪਨੀਆਂ ਆਪਣਾ ਕਾਰੋਬਾਰ ਸਮੇਟਣ ਦੀ ਤਿਆਰੀ ਵਿੱਚ ਹਨ ਅਤੇ ਹਸਪਤਾਲਾਂ ਵਿੱਚ ਜੀਵਨ-ਰੱਖਿਅਕ ਦਵਾਈਆਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ।
ਪਾਕਿਸਤਾਨ ਫਾਰਮਾਸਿਊਟੀਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸਈਦ ਫ਼ਾਰੂਕ ਬੁਖਾਰੀ ਮੁਤਾਬਕ, ਡਾਲਰ ਦੀ ਕਮੀ ਕਾਰਨ ਬੈਂਕ ਕੱਚੇ ਮਾਲ ਦੀ ਦਰਾਮਦ ਲਈ 'ਲੈਟਰ ਆਫ਼ ਕ੍ਰੈਡਿਟ' (LC) ਜਾਰੀ ਨਹੀਂ ਕਰ ਪਾ ਰਹੇ। ਚੀਨ, ਯੂਰਪ ਅਤੇ ਅਮਰੀਕਾ ਤੋਂ ਆਉਣ ਵਾਲੇ ਕੱਚੇ ਮਾਲ ਦੇ ਕਈ ਕੰਟੇਨਰ ਬੰਦਰਗਾਹਾਂ 'ਤੇ ਫਸੇ ਹੋਏ ਹਨ। ਦੂਜੇ ਪਾਸੇ, ਦਵਾਈ ਕੰਪਨੀਆਂ ਨੇ ਵਧਦੀ ਲਾਗਤ ਕਾਰਨ ਕੀਮਤਾਂ ਵਿੱਚ 38.5 ਫ਼ੀਸਦੀ ਵਾਧੇ ਦੀ ਮੰਗ ਕੀਤੀ ਸੀ, ਜਿਸ ਨੂੰ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਵਧਦੀ ਮਹਿੰਗਾਈ ਦੇ ਡਰੋਂ ਠੁਕਰਾ ਦਿੱਤਾ ਹੈ। ਇਸ ਕਾਰਨ ਚਾਰ ਬਹੁ-ਰਾਸ਼ਟਰੀ ਕੰਪਨੀਆਂ ਪਹਿਲਾਂ ਹੀ ਪਾਕਿਸਤਾਨ ਛੱਡ ਚੁੱਕੀਆਂ ਹਨ ਅਤੇ 40 ਸਥਾਨਕ ਕੰਪਨੀਆਂ ਨੇ ਕੰਮ ਜਾਰੀ ਰੱਖਣ ਤੋਂ ਅਸਮਰੱਥਾ ਪ੍ਰਗਟਾਈ ਹੈ।
ਬਾਜ਼ਾਰ ਵਿੱਚ ਸ਼ੂਗਰ, ਦਿਲ, ਗੁਰਦੇ ਅਤੇ ਦਮੇ ਦੀਆਂ ਦਵਾਈਆਂ ਗਾਇਬ ਹੋ ਰਹੀਆਂ ਹਨ। ਕੈਂਸਰ ਦੇ ਮਰੀਜ਼ਾਂ ਦੀ ਹਾਲਤ ਸਭ ਤੋਂ ਤਰਸਯੋਗ ਹੈ; ਕੀਮੋਥੈਰੇਪੀ ਦੀਆਂ ਦਵਾਈਆਂ ਦੁੱਗਣੀਆਂ ਮਹਿੰਗੀਆਂ ਹੋ ਗਈਆਂ ਹਨ ਅਤੇ ਕਈ ਜ਼ਰੂਰੀ ਟੀਕੇ ਬਲੈਕ ਮਾਰਕੀਟ ਵਿੱਚ 10 ਗੁਣਾ ਵੱਧ ਕੀਮਤ 'ਤੇ ਵਿਕ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਸਟੈਂਟ, ਟਰਾਂਸਪਲਾਂਟ ਕਿੱਟਾਂ ਅਤੇ ਸਰਿੰਜਾਂ ਦੀ ਘਾਟ ਕਾਰਨ ਕਈ ਜ਼ਰੂਰੀ ਸਰਜਰੀਆਂ ਵੀ ਟਾਲਣੀਆਂ ਪੈ ਰਹੀਆਂ ਹਨ।



