ਮਹਾਦੋਸ਼ ਦੇ ਪ੍ਰਸਤਾਵ ਵਿਚਾਲੇ ਪੀਟ ਹੇਗਸੇਥ ਦੇ ਹੱਕ ‘ਚ ਨਿੱਤਰੇ ਟਰੰਪ, ਆਲੋਚਕ ਮੈਸੀ ਨੂੰ ਦੱਸਿਆ ‘ਨਾਕਾਮ’
ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ 'ਤੇ ਰਿਪਬਲਿਕਨ ਸੰਸਦ ਮੈਂਬਰ ਥਾਮਸ ਮੈਸੀ ਵੱਲੋਂ ਲਾਏ ਗਏ ਮਹਾਦੋਸ਼ ਪ੍ਰਸਤਾਵ ਦੇ ਮਾਮਲੇ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਇਰਾਨ ਨਾਲ ਜੰਗ ਅਤੇ ਹੋਰ ਫੌਜੀ ਮੁਹਿੰਮਾਂ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹੇਗਸੇਥ ਦੇ ਬਚਾਅ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਵਿੱਚ ਅਚਾਨਕ ਪਹੁੰਚੇ ਟਰੰਪ ਨੇ ਥਾਮਸ ਮੈਸੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਸਨੂੰ 'ਪੂਰੀ ਤਰ੍ਹਾਂ ਨਾਕਾਮ' ਵਿਅਕਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਸਨੂੰ ਕਾਂਗਰਸ ਜਾਂ ਸੈਨੇਟ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਟਰੰਪ ਨੇ ਦਲੀਲ ਦਿੱਤੀ ਕਿ ਹੇਗਸੇਥ ਦੀ ਅਗਵਾਈ ਵਿੱਚ ਅਮਰੀਕਾ ਨੇ ਵੈਨੇਜ਼ੁਏਲਾ ਅਤੇ ਇਰਾਨ ਵਰਗੀਆਂ ਥਾਵਾਂ 'ਤੇ ਵੱਡੀਆਂ ਫੌਜੀ ਸਫਲਤਾਵਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿੱਚ ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਵੀ ਸ਼ਾਮਲ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਮਹਾਦੋਸ਼ ਪ੍ਰਸਤਾਵ ਪਾਸ ਵੀ ਹੋ ਜਾਂਦਾ ਹੈ, ਤਾਂ ਵੀ ਉਹ ਹੇਗਸੇਥ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋਅ ਬਾਈਡਨ ਦੇ ਸਮੇਂ ਡਿੱਗੀ ਫੌਜੀ ਭਰਤੀ ਹੁਣ ਰਿਕਾਰਡ ਉਚਾਈ 'ਤੇ ਹੈ।
ਦੂਜੇ ਪਾਸੇ ਥਾਮਸ ਮੈਸੀ, ਜੋ ਇਸ ਸਾਲ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਦੇ ਸਮਰਥਕ ਉਮੀਦਵਾਰ ਤੋਂ ਹਾਰ ਗਿਆ ਸੀ, ਨੇ ਹੇਗਸੇਥ 'ਤੇ ਗੈਰ-ਕਾਨੂੰਨੀ ਫੌਜੀ ਹੁਕਮ ਦੇਣ ਅਤੇ ਅਹੁਦੇ ਦੀ ਦੁਰਵਰਤੋਂ ਸਮੇਤ ਅੱਠ ਗੰਭੀਰ ਦੋਸ਼ ਲਾਏ ਹਨ। ਮੈਸੀ ਦਾ ਦੋਸ਼ ਹੈ ਕਿ ਹੇਗਸੇਥ ਨੇ ਇਰਾਨ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਜੰਗ ਛੇੜੀ ਅਤੇ ਕੈਰੇਬੀਅਨ ਖੇਤਰ ਵਿੱਚ ਨਸ਼ਾ ਤਸਕਰਾਂ ਦੀਆਂ ਕਿਸ਼ਤੀਆਂ 'ਤੇ ਹਮਲੇ ਦੌਰਾਨ ਆਮ ਨਾਗਰਿਕਾਂ ਦੀਆਂ ਜਾਨਾਂ ਜਾਣ ਲਈ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਹਾਲਾਂਕਿ ਹੇਗਸੇਥ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਇਸਨੂੰ ਚੋਣ ਹਾਰ ਚੁੱਕੇ ਸੰਸਦ ਮੈਂਬਰ ਅਤੇ ਡੈਮੋਕ੍ਰੇਟਸ ਦੀ ਸਿਆਸੀ ਖੇਡ ਦੱਸਿਆ ਹੈ।



