ਦੱਖਣੀ ਕੋਰੀਆ: ਪ੍ਰੀਖਿਆ ਵਿੱਚ ਨਕਲ ਫੜਨ ਲਈ ਵਜਾਏ ਲੱਖਾਂ ਮੋਬਾਈਲ ਫ਼ੋਨ, ਵਿਵਾਦ ਤੋਂ ਬਾਅਦ ਸਿੱਖਿਆ ਮੰਤਰੀ ਦਾ ਅਸਤੀਫ਼ਾ
ਸਿਓਲ: ਦੱਖਣੀ ਕੋਰੀਆ ਦੇ ਸਿੱਖਿਆ ਮੰਤਰੀ ਚੋਈ ਕਯੋ-ਜਿਨ ਨੇ ਕਾਲਜ ਦਾਖ਼ਲਾ ਪ੍ਰੀਖਿਆ ਦੌਰਾਨ ਨਕਲ ਰੋਕਣ ਲਈ ਚੁੱਕੇ ਗਏ ਵਿਵਾਦਪੂਰਨ ਕਦਮਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਲੀ ਜੇ ਮਯੁੰਗ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਦਰਅਸਲ, ਬੀਤੇ ਵੀਰਵਾਰ ਨੂੰ ਹੋਈ ਸਾਲਾਨਾ ਕਾਲਜ ਦਾਖ਼ਲਾ ਪ੍ਰੀਖਿਆ 'ਸੁਨਯੁੰਗ' ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਨਕਲ ਰੋਕਣ ਲਈ ਅਧਿਕਾਰੀਆਂ ਨੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਦੇਸ਼ ਭਰ ਦੇ ਸਾਰੇ ਮੋਬਾਈਲ ਫ਼ੋਨਾਂ 'ਤੇ ਤਿੰਨ ਐਮਰਜੈਂਸੀ ਅਲਰਟ ਭੇਜੇ। ਇਸ ਕਾਰਨ ਸਾਈਲੈਂਟ ਮੋਡ 'ਤੇ ਰੱਖੇ ਫ਼ੋਨ ਅਤੇ ਸੈਲਾਨੀਆਂ ਦੇ ਮੋਬਾਈਲ ਵੀ ਇੱਕੋ ਸਮੇਂ ਵੱਜ ਉੱਠੇ। ਪ੍ਰੀਖਿਆਰਥੀਆਂ ਦੇ ਕੱਪੜਿਆਂ ਦੇ ਬਟਨ ਢਕਵਾਏ ਗਏ ਅਤੇ ਐਨਕਾਂ ਦੀ ਵੀ ਸਖ਼ਤ ਜਾਂਚ ਕੀਤੀ ਗਈ, ਜਿਸ ਨਾਲ ਇਮਾਨਦਾਰ ਵਿਦਿਆਰਥੀਆਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ।
ਇਹ ਸਖ਼ਤੀ ਉਸ ਘਟਨਾ ਤੋਂ ਬਾਅਦ ਕੀਤੀ ਗਈ ਸੀ, ਜਦੋਂ ਇੱਕ ਹਫ਼ਤਾ ਪਹਿਲਾਂ ਟੈਕਸ ਲੇਖਾ ਪ੍ਰੀਖਿਆ ਦੇ ਟੌਪਰ ਨੇ ਮਾਈਕ੍ਰੋ-ਕੈਮਰੇ ਅਤੇ ਏ.ਆਈ. ਰਾਹੀਂ ਨਕਲ ਕਰਨ ਦੀ ਗੱਲ ਕਬੂਲੀ ਸੀ। ਸਿੱਖਿਆ ਮੰਤਰਾਲੇ ਅਨੁਸਾਰ, ਕਰੀਬ ਪੰਜ ਲੱਖ ਵਿਦਿਆਰਥੀਆਂ ਵਾਲੀ ਇਸ ਪ੍ਰੀਖਿਆ ਵਿੱਚ 111 ਵਿਦਿਆਰਥੀਆਂ ਕੋਲੋਂ ਗ਼ੈਰ-ਕਾਨੂੰਨੀ ਸਮਾਰਟ ਉਪਕਰਨ ਬਰਾਮਦ ਹੋਏ। ਹਾਲਾਂਕਿ, ਪ੍ਰਬੰਧਾਂ ਦੀ ਕਮੀ ਅਤੇ ਹੰਗਾਮੇ ਤੋਂ ਬਾਅਦ ਸਿੱਖਿਆ ਮੰਤਰੀ ਨੇ ਅਹੁਦਾ ਛੱਡਣ ਦਾ ਫ਼ੈਸਲਾ ਲਿਆ।



