ਟਰੰਪ ਦੀ ਹਾਰ ਮਗਰੋਂ ਈਰਾਨ ਦੀ ਅਮਰੀਕਾ ਨੂੰ ਸਿੱਧੀ ਚਿਤਾਵਨੀ, ਸੁਪਰੀਮ ਲੀਡਰ ਬੋਲੇ- ‘ਹੁਣ ਟੁੱਟੇਗਾ ਮਹਾਸ਼ਕਤੀ ਦਾ ਹੰਕਾਰ’
ਤਹਿਰਾਨ: ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਲੱਗੇ ਵੱਡੇ ਝਟਕੇ ਤੋਂ ਬਾਅਦ ਈਰਾਨ ਨੇ ਵਾਸ਼ਿੰਗਟਨ ਖ਼ਿਲਾਫ਼ ਆਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਅਮਰੀਕਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਸ ਨੇ ਮੁੜ ਈਰਾਨ 'ਤੇ ਫ਼ੌਜੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਵਾਰ ਜਵਾਬ ਪਹਿਲਾਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਵਿਆਪਕ ਹੋਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਦਾ ਆਲਮੀ ਦਬਦਬਾ ਹੁਣ ਕਮਜ਼ੋਰ ਪੈ ਰਿਹਾ ਹੈ ਅਤੇ ਉਸ ਦੀਆਂ ਆਪਣੀਆਂ ਗਲਤੀਆਂ ਹੀ ਇਸ ਦੇ ਪਤਨ ਦਾ ਕਾਰਨ ਬਣ ਰਹੀਆਂ ਹਨ। ਖਾਮੇਨੇਈ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਵਾਂ ਵਿੱਚ ਲੀਡ ਹਾਸਲ ਕਰ ਲਈ ਹੈ, ਜਿਸ ਨਾਲ ਟਰੰਪ ਲਈ ਆਪਣੇ ਕਾਰਜਕਾਲ ਦੇ ਅਗਲੇ ਦੋ ਸਾਲਾਂ ਵਿੱਚ ਕਈ ਸਿਆਸੀ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।
ਆਪਣੇ ਇੱਕ ਲਿਖਤੀ ਸੰਦੇਸ਼ ਵਿੱਚ ਮੁਜਤਬਾ ਖਾਮੇਨੇਈ ਨੇ ਸਪੱਸ਼ਟ ਕੀਤਾ ਕਿ ਈਰਾਨ ਪ੍ਰਤੀ ਅਮਰੀਕਾ ਦਾ ਦੁਸ਼ਮਣੀ ਵਾਲਾ ਵਤੀਰਾ ਸਿਰਫ਼ ਸੱਤਾ ਬਦਲਣ ਨਾਲ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਭਾਵੇਂ ਰਿਪਬਲਿਕਨ ਸੱਤਾ ਵਿੱਚ ਰਹਿਣ ਜਾਂ ਡੈਮੋਕ੍ਰੇਟਸ, ਤੇਹਰਾਨ ਪ੍ਰਤੀ ਉਨ੍ਹਾਂ ਦੀਆਂ ਨੀਤੀਆਂ ਵਿੱਚ ਕਿਸੇ ਬੁਨਿਆਦੀ ਬਦਲਾਅ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਈਰਾਨ ਹਰ ਖੇਤਰ ਵਿੱਚ ਆਪਣੀ ਤਾਕਤ ਵਧਾਉਂਦਾ ਰਹੇਗਾ ਤਾਂ ਜੋ ਕਿਸੇ ਵੀ ਸੰਭਾਵੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।
ਦੂਜੇ ਪਾਸੇ, ਅਮਰੀਕਾ ਵਿੱਚ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਵੱਡੀ ਜਿੱਤ ਨੇ ਟਰੰਪ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਡੈਮੋਕ੍ਰੇਟਸ ਹੁਣ ਸਰਕਾਰ ਦੇ ਫੈਸਲਿਆਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣਗੇ। ਰਾਸ਼ਟਰਪਤੀ ਟਰੰਪ ਨੇ ਵੀ ਚੋਣਾਂ ਵਿੱਚ ਆਪਣੀ ਪਾਰਟੀ ਨੂੰ ਹੋਏ ਨੁਕਸਾਨ ਬਾਰੇ ਬੋਲਦਿਆਂ ਮੰਨਿਆ ਕਿ ਈਰਾਨ ਨਾਲ ਚੱਲ ਰਹੇ ਤਣਾਅ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਈਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਦੇ ਫੈਸਲੇ 'ਤੇ ਕੋਈ ਪਛਤਾਵਾ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ।



