ਸਿਰਫ਼ ਦੁਨੀਆ ਘੁੰਮਣ ਲਈ ਮਿਲਣਗੇ 95 ਲੱਖ ਰੁਪਏ! ਰਿਚਰਡ ਬ੍ਰੈਨਸਨ ਦੀ ਕੰਪਨੀ ਵੱਲੋਂ ਸ਼ਾਨਦਾਰ ਨੌਕਰੀ ਦਾ ਆਫ਼ਰ
ਲੰਡਨ: ਜੇਕਰ ਤੁਹਾਨੂੰ ਦੁਨੀਆ ਘੁੰਮਣ ਦਾ ਸ਼ੌਕ ਹੈ ਅਤੇ ਕੋਈ ਕੰਪਨੀ ਤੁਹਾਨੂੰ ਸਿਰਫ਼ ਸਫ਼ਰ ਕਰਨ ਲਈ ਲੱਖਾਂ ਰੁਪਏ ਦੇਵੇ, ਤਾਂ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਰਿਚਰਡ ਬ੍ਰੈਨਸਨ ਦੇ ਵਰਜਿਨ ਗਰੁੱਪ ਵੱਲੋਂ 'ਹੈੱਡ ਆਫ਼ ਯੈੱਸ' (Head of Yes) ਨਾਂ ਦੀ ਇੱਕ ਅਜਿਹੀ ਹੀ ਅਨੋਖੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਨੌਕਰੀ ਤਹਿਤ ਚੁਣੇ ਗਏ ਵਿਅਕਤੀ ਨੇ 6 ਮਹੀਨਿਆਂ ਤੱਕ ਕੰਪਨੀ ਦੇ ਲਗਜ਼ਰੀ ਹੋਟਲਾਂ ਅਤੇ ਕਰੂਜ਼ਾਂ ਰਾਹੀਂ ਦੁਨੀਆ ਭਰ ਦੀ ਯਾਤਰਾ ਕਰਨੀ ਸੀ ਅਤੇ ਆਪਣੇ ਦਿਲਚਸਪ ਤਜ਼ਰਬੇ ਵੀਡੀਓਜ਼ ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੇ ਕਰਨੇ ਸਨ।
ਇਸ ਵਿਲੱਖਣ ਨੌਕਰੀ ਲਈ ਅਮਰੀਕੀ ਉਮੀਦਵਾਰਾਂ ਨੂੰ 1 ਲੱਖ ਡਾਲਰ (ਕਰੀਬ 95 ਲੱਖ ਰੁਪਏ) ਅਤੇ ਬ੍ਰਿਟਿਸ਼ ਉਮੀਦਵਾਰਾਂ ਨੂੰ 75,000 ਪੌਂਡ (ਕਰੀਬ 91 ਲੱਖ ਰੁਪਏ) ਦੀ ਤਨਖਾਹ ਦਿੱਤੀ ਜਾਣੀ ਸੀ। ਇਸ ਤੋਂ ਇਲਾਵਾ ਯਾਤਰਾ ਦਾ ਸਾਰਾ ਖਰਚਾ ਵੀ ਕੰਪਨੀ ਨੇ ਹੀ ਚੁੱਕਣਾ ਸੀ। ਖਾਸ ਗੱਲ ਇਹ ਸੀ ਕਿ ਇਸ ਭੂਮਿਕਾ ਲਈ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਵਾਲੇ ਕਿਸੇ ਇਨਫਲੂਐਂਸਰ ਦੀ ਸ਼ਰਤ ਨਹੀਂ ਰੱਖੀ ਗਈ ਸੀ, ਸਗੋਂ ਕਹਾਣੀ ਸੁਣਾਉਣ ਦੇ ਹੁਨਰ ਅਤੇ ਨਵੇਂ ਤਜ਼ਰਬਿਆਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕਰਨ ਵਾਲੇ ਆਮ ਵਿਅਕਤੀ ਦੀ ਭਾਲ ਸੀ।
ਹਾਲਾਂਕਿ, ਇਹ ਸ਼ਾਨਦਾਰ ਪੇਸ਼ਕਸ਼ ਸਿਰਫ਼ ਅਮਰੀਕਾ ਅਤੇ ਬ੍ਰਿਟੇਨ (ਯੂਕੇ) ਦੇ ਨਾਗਰਿਕਾਂ ਲਈ ਹੀ ਰਾਖਵੀਂ ਸੀ। ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਇਸ ਲਈ ਅਪਲਾਈ ਕਰਨ ਦੇ ਯੋਗ ਨਹੀਂ ਸਨ। ਇਸ ਪੋਸਟ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 3 ਨਵੰਬਰ 2026 ਨੂੰ ਖਤਮ ਹੋ ਚੁੱਕੀ ਹੈ।



