ਸ਼ੇਖ਼ ਹਸੀਨਾ ਦੀ ਵਾਪਸੀ ‘ਤੇ ਬੰਗਲਾਦੇਸ਼ ਸਰਕਾਰ ਦਾ ਸਖ਼ਤ ਰੁਖ਼, ਕਿਹਾ- ਹੱਥਕੜੀ ਲਗਾ ਕੇ ਹੀ ਮਿਲੇਗੀ ਐਂਟਰੀ
ਢਾਕਾ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਵੱਲੋਂ 16 ਦਸੰਬਰ ਨੂੰ ਵਤਨ ਪਰਤਣ ਦੇ ਦਾਅਵਿਆਂ ਦਰਮਿਆਨ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਸਖ਼ਤ ਬਿਆਨ ਦਿੱਤਾ ਹੈ। ਮੰਗਲਵਾਰ ਨੂੰ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਬੀਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸ਼ੇਖ਼ ਹਸੀਨਾ ਨੂੰ ਸਿਰਫ਼ ਹੱਥਕੜੀ ਲਗਾ ਕੇ ਜਾਂ ਸਖ਼ਤ ਨਿਗਰਾਨੀ ਹੇਠ ਹੀ ਦੇਸ਼ ਵਾਪਸ ਲਿਆਂਦਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 5 ਅਗਸਤ 2024 ਨੂੰ ਵਿਦਿਆਰਥੀ ਅੰਦੋਲਨ ਕਾਰਨ ਸਰਕਾਰ ਡਿੱਗਣ ਮਗਰੋਂ 79 ਸਾਲਾ ਸ਼ੇਖ਼ ਹਸੀਨਾ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈਆਂ ਸਨ ਅਤੇ ਉਦੋਂ ਤੋਂ ਇੱਥੇ ਹੀ ਰਹਿ ਰਹੀਆਂ ਹਨ। ਬੰਗਲਾਦੇਸ਼ ਲਗਾਤਾਰ ਭਾਰਤ ਤੋਂ ਉਨ੍ਹਾਂ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ, ਜਦਕਿ ਨਵੀਂ ਦਿੱਲੀ ਦਾ ਕਹਿਣਾ ਹੈ ਕਿ ਇਸ ਬੇਨਤੀ 'ਤੇ ਕਾਨੂੰਨੀ ਪ੍ਰਕਿਰਿਆ ਤਹਿਤ ਵਿਚਾਰ ਕੀਤਾ ਜਾ ਰਿਹਾ ਹੈ।
ਸ਼ੇਖ਼ ਹਸੀਨਾ ਦੇ ਬੁਲਾਰੇ ਸਈਅਦ ਮੁਜ਼ੱਮਿਲ ਅਲੀ ਨੇ ਦੱਸਿਆ ਕਿ ਉਹ 16 ਦਸੰਬਰ (ਵਿਜੇ ਦਿਵਸ) ਨੂੰ ਬੰਗਲਾਦੇਸ਼ ਪਰਤਣਗੀਆਂ। ਹਸੀਨਾ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ 5 ਅਗਸਤ 2024 ਨੂੰ ਉਨ੍ਹਾਂ ਨੂੰ ਬੰਗਲਾਦੇਸ਼ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ, ਉਸੇ ਤਰ੍ਹਾਂ ਹੁਣ ਦਿੱਲੀ ਤੋਂ ਢਾਕਾ ਵਾਪਸੀ ਲਈ ਵੀ ਸਰਕਾਰੀ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ ਜਾਵੇ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਹੁਮਾਯੂੰ ਕਬੀਰ ਨੇ ਕਿਹਾ ਕਿ ਹਸੀਨਾ ਕੀ ਚਾਹੁੰਦੀਆਂ ਹਨ ਅਤੇ ਅਸਲ ਵਿੱਚ ਕੀ ਹੋ ਸਕਦਾ ਹੈ, ਇਸ ਵਿੱਚ ਫ਼ਰਕ ਸਮਝਣਾ ਜ਼ਰੂਰੀ ਹੈ। ਹਸੀਨਾ ਦੀ ਵਾਪਸੀ ਦਾ ਮੁੱਦਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਣਾਅ ਦਾ ਵੱਡਾ ਕਾਰਨ ਬਣਿਆ ਹੋਇਆ ਹੈ।



