ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ: ਦਿੱਲੀ ਦੀ ਸਾਕੇਤ ਕੋਰਟ ਨੇ ਸਾਲ 2008 ਵਿੱਚ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਹੱਤਿਆ ਦੇ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਦੋਸ਼ੀ ਰਵੀ ਕਪੂਰ, ਅਮਿਤ ਸ਼ੁਕਲਾ, ਬਲਵੀਰ ਮਲਿਕ ਅਤੇ ਅਜੈ ਕੁਮਾਰ ਹਨ। ਇਨ੍ਹਾਂ ਸਾਰਿਆਂ ਨੂੰ ਮਕੋਕਾ ਤਹਿਤ ਸਜ਼ਾ ਸੁਣਾਈ ਗਈ ਹੈ। ਪੰਜਵੇਂ ਦੋਸ਼ੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਪੰਜਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੰਨ 2008 ਵਿੱਚ ਸੌਮਿਆ ਵਿਸ਼ਵਨਾਥ ਜੋ ਕਿ ਇਕ ਪੱਤਰਕਾਰ ਸੀ, ਉਸਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਉਸ ਸਮੇਂ ਆਪਣੀ ਕਾਰ ਰਾਹੀਂ ਘਰ ਪਰਤ ਰਹੀ ਸੀ। ਇਸ ਹੱਤਿਆਕਾਂਡ ਵਿੱਚ ਪੰਜ ਜਣਿਆਂ ਨੂੰ ਪਾਰਟੀ ਬਣਾਇਆ ਗਿਆ ਸੀ।

ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ

ਵਧੀਕ ਸੈਸ਼ਨ ਜੱਜ ਰਵਿੰਦਰ ਕੁਮਾਰ ਪਾਂਡਿਆ ਦੀ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ। ਇਨ੍ਹਾਂ ਸਾਰਿਆਂ ਨੂੰ ਆਈਪੀਸੀ 302 ਤਹਿਤ 25-25 ਅਤੇ ਮਕੋਕਾ ਤਹਿਤ ਇਕ-ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ।

ਪੰਜਵੇਂ ਦੋਸ਼ੀ ਨੂੰ 7.25 ਲੱਖ ਦਾ ਜੁਰਮਾਨਾ

ਅਦਾਲਤ ਨੇ ਪੰਜਵੇਂ ਦੋਸ਼ੀ ਅਜੈ ਸੇਠੀ ਨੂੰ ਤਿੰਨ ਸਾਲ ਦੀ ਜੇਲ੍ਹ ਅਤੇ ਆਈਪੀਸੀ ਦੀ ਧਾਰਾ 411 ਅਤੇ ਮਕੋਕਾ ਤਹਿਤ 7.25 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।