ਪੇਰੂ ਵਿੱਚ ਭਾਰਤੀ ਨਾਗਰਿਕ ‘ਤੇ ਜਾਨਲੇਵਾ ਹਮਲਾ, ਕਾਰ ‘ਤੇ 30 ਤੋਂ ਵੱਧ ਗੋਲੀਆਂ ਚਲਾ ਕੇ ਲੁੱਟੇ ਸੋਨੇ ਦੇ ਗਹਿਣੇ
ਪੇਰੂ: ਪੇਰੂ ਦੇ ਕੈਲਾਓ ਸੂਬੇ ਵਿੱਚ ਕੋਸਟਾ ਵਰਡੇ ਨੇੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਨਕਾਬਪੋਸ਼ ਹਮਲਾਵਰਾਂ ਨੇ ਇੱਕ ਕਾਰ ਨੂੰ ਘੇਰ ਕੇ 30 ਤੋਂ ਵੱਧ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਅਤੇ ਪੇਰੂ ਮੂਲ ਦੀ ਇੱਕ ਔਰਤ ਜ਼ਖ਼ਮੀ ਹੋ ਗਏ, ਜਦਕਿ ਹਮਲਾਵਰ ਕਾਰ ਵਿੱਚੋਂ ਬੈਗ ਅਤੇ ਸੂਟਕੇਸ ਲੁੱਟ ਕੇ ਫਰਾਰ ਹੋ ਗਏ, ਜਿਨ੍ਹਾਂ ਵਿੱਚ ਸੋਨੇ ਦੇ ਗਹਿਣੇ ਹੋਣ ਦਾ ਖਦਸ਼ਾ ਹੈ।
ਇਹ ਘਟਨਾ ਸ਼ੁੱਕਰਵਾਰ ਤੜਕੇ ਕਰੀਬ 6:30 ਵਜੇ ਉਸ ਸਮੇਂ ਵਾਪਰੀ, ਜਦੋਂ ਦੋਵੇਂ ਪੀੜਤ ਜਾਰਜ ਚਾਵੇਜ਼ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਹੇ ਸਨ। ਕੈਲਾਓ ਪੁਲਿਸ ਦੇ ਕਮਾਂਡਰ ਜਨਰਲ ਓਲਗਰ ਬੇਨਾਵਿਡੇਸ ਨੇ ਦੱਸਿਆ ਕਿ ਦੋਵੇਂ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ ਅਤੇ ਜ਼ਖ਼ਮੀ ਡਰਾਈਵਰ ਦਾ ਇਲਾਜ ਨਜ਼ਦੀਕੀ ਕਲੀਨਿਕ ਵਿੱਚ ਚੱਲ ਰਿਹਾ ਹੈ। ਪੁਲਿਸ ਅਨੁਸਾਰ ਇਹ ਵਾਰਦਾਤ ਪੂਰੀ ਤਰ੍ਹਾਂ ਯੋਜਨਾਬੱਧ ਸੀ ਅਤੇ ਹਮਲਾਵਰਾਂ ਨੇ ਪਹਿਲਾਂ ਤੋਂ ਹੀ ਕਾਰ ਦਾ ਪਿੱਛਾ ਕੀਤਾ ਸੀ। ਜਾਂਚ ਏਜੰਸੀਆਂ ਨੂੰ ਭੱਜਦੇ ਸਮੇਂ ਬਦਮਾਸ਼ਾਂ ਵੱਲੋਂ ਸੁੱਟੇ ਗਏ ਮੋਬਾਈਲ ਫੋਨਾਂ ਬਾਰੇ ਸੁਰਾਗ ਮਿਲੇ ਹਨ ਅਤੇ ਸੀਸੀਟੀਵੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।



