ਨਵਾਂਸ਼ਹਿਰ: ਸਰਬੀਆ ਭੇਜਣ ਦੇ ਨਾਂ ‘ਤੇ 2 ਨੌਜਵਾਨਾਂ ਨਾਲ 1.50 ਲੱਖ ਦੀ ਠੱਗੀ, ਮਹਿਲਾ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
ਨਵਾਂਸ਼ਹਿਰ: ਵਿਦੇਸ਼ (ਸਰਬੀਆ) ਭੇਜਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਨਾਲ 1.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਇੱਕ ਮਹਿਲਾ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐਸ.ਐਸ.ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਥੋਪੀਆ (ਤਹਿਸੀਲ ਬਲਾਚੌਰ) ਦੇ ਵਾਸੀ ਸਤੀਸ਼ ਸ਼ਰਮਾ ਅਤੇ ਚਰਨਜੀਤ ਨੇ ਦੱਸਿਆ ਕਿ ਉਹ ਰੁਜ਼ਗਾਰ ਲਈ ਵਿਦੇਸ਼ ਜਾਣਾ ਚਾਹੁੰਦੇ ਸਨ।
ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਟਰੈਵਲ ਏਜੰਟ ਸਿਮਰਨਜੀਤ ਕੌਰ ਪਤਨੀ ਲਵਜੋਤ ਸਿੰਘ ਵਾਸੀ ਖੁਸ਼ਹਾਲਪੁਰ (ਐਚ.ਐਚ. ਇੰਮੀਗ੍ਰੇਸ਼ਨ ਸਰਵਿਸਿਜ਼, ਬਾਬਾ ਦੀਪ ਸਿੰਘ ਮਾਰਕੀਟ, ਕਾਦੀਆਂ, ਗੁਰਦਾਸਪੁਰ) ਨਾਲ 5.50 ਲੱਖ ਰੁਪਏ ਵਿੱਚ ਤੈਅ ਹੋਈ ਸੀ, ਜਿਸ ਵਿੱਚੋਂ 3 ਲੱਖ ਪਹਿਲਾਂ ਅਤੇ 2.50 ਲੱਖ ਵਿਦੇਸ਼ ਪਹੁੰਚਣ ਤੋਂ ਬਾਅਦ ਦੇਣੇ ਸਨ। ਸ਼ਿਕਾਇਤਕਰਤਾਵਾਂ ਅਨੁਸਾਰ ਏਜੰਟ ਨੇ 3 ਮਹੀਨਿਆਂ ਵਿੱਚ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਉਨ੍ਹਾਂ ਕੋਲੋਂ 1.50 ਲੱਖ ਰੁਪਏ ਲੈ ਲਏ, ਪਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਡੀ.ਐਸ.ਪੀ. ਪੱਧਰ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਮੁਲਜ਼ਮ ਏਜੰਟ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



