ਇੰਡੋਨੇਸ਼ੀਆ ਨੇ ‘ਮੱਕਾ ਡਿਫੈਂਸ ਪੈਕਟ’ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ, ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਨੂੰ ਝਟਕਾ
ਜਕਾਰਤਾ: ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਨੇ ਤੁਰਕੀ, ਪਾਕਿਸਤਾਨ ਅਤੇ ਸਾਊਦੀ ਅਰਬ ਵੱਲੋਂ ਬਣਾਏ ਗਏ 'ਮੱਕਾ ਡਿਫੈਂਸ ਪੈਕਟ' ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਕਾਰਤਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਫੌਜੀ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ। ਇੰਡੋਨੇਸ਼ੀਆ ਦੇ ਇਸ ਫੈਸਲੇ ਨਾਲ ਤੁਰਕੀ ਦੀਆਂ ਉਨ੍ਹਾਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਤਹਿਤ ਇਸ ਰੱਖਿਆ ਸਮਝੌਤੇ ਦਾ ਦਾਇਰਾ ਦੱਖਣ-ਪੂਰਬੀ ਏਸ਼ੀਆ ਤੱਕ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇੰਡੋਨੇਸ਼ੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਹਦ ਨਬੀਲ ਏ. ਮੁਲਾਚੇਲਾ ਨੇ 26 ਨਵੰਬਰ ਨੂੰ ਜਕਾਰਤਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਡੋਨੇਸ਼ੀਆ ਦੀ ਵਿਦੇਸ਼ ਨੀਤੀ ਦਾ ਆਧਾਰ ਸੁਤੰਤਰ ਅਤੇ ਸਰਗਰਮ ਨੀਤੀ ਹੈ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਅੰਤਰਰਾਸ਼ਟਰੀ ਵਿਵਾਦਾਂ ਨੂੰ ਸੁਲਝਾਉਣ ਲਈ ਫੌਜੀ ਰਾਹ ਦੀ ਬਜਾਏ ਕੂਟਨੀਤੀ, ਗੱਲਬਾਤ ਅਤੇ ਰਚਨਾਤਮਕ ਸਹਿਯੋਗ ਨੂੰ ਤਰਜੀਹ ਦਿੰਦਾ ਹੈ। ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਕਾਰਤਾ ਇਸ ਸਮਝੌਤੇ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਿਹਾ ਹੈ।
ਦੱਸਣਯੋਗ ਹੈ ਕਿ 7 ਅਗਸਤ 2026 ਨੂੰ ਮੱਕਾ ਵਿੱਚ ਤੁਰਕੀ, ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਇਹ ਤਿੰਨ-ਪੱਖੀ ਸਮੂਹਿਕ ਰੱਖਿਆ ਸਮਝੌਤਾ ਸਹੀਬੰਦ ਹੋਇਆ ਸੀ। ਇਸ ਦੀ ਮੁੱਖ ਸ਼ਰਤ ਇਹ ਹੈ ਕਿ ਕਿਸੇ ਇੱਕ ਮੈਂਬਰ ਦੇਸ਼ 'ਤੇ ਹਮਲਾ ਤਿੰਨਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਹਾਲਾਂਕਿ ਇੰਡੋਨੇਸ਼ੀਆ ਨੇ ਤੁਰਕੀ, ਪਾਕਿਸਤਾਨ ਅਤੇ ਕਤਰ ਨਾਲ ਰੱਖਿਆ ਉਦਯੋਗ ਸਹਿਯੋਗ ਲਈ 'ਬਦਰ ਸਮਝੌਤੇ' ਵਿੱਚ ਹਿੱਸਾ ਲਿਆ ਹੈ, ਪਰ ਉਸ ਨੇ ਸਪੱਸ਼ਟ ਕੀਤਾ ਹੈ ਕਿ ਤਕਨੀਕੀ ਸਹਿਯੋਗ ਦਾ ਮਤਲਬ ਕਿਸੇ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣਾ ਨਹੀਂ ਹੈ।



