ਭਾਰਤ ਅਤੇ UAE ਵਿਚਾਲੇ ਰੱਖਿਆ ਸਾਂਝੇਦਾਰੀ ਨੂੰ ਮਿਲੇਗੀ ਨਵੀਂ ਮਜ਼ਬੂਤੀ, AI ਤੇ ਆਧੁਨਿਕ ਹਥਿਆਰਾਂ ‘ਤੇ ਮਿਲ ਕੇ ਕਰਨਗੇ ਕੰਮ
ਦੁਬਈ: ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਦੇ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਆਪਣੀ ਰੱਖਿਆ ਸਾਂਝੇਦਾਰੀ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਦੋਵੇਂ ਦੇਸ਼ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸਾਈਬਰ ਸੁਰੱਖਿਆ, ਆਧੁਨਿਕ ਹਥਿਆਰਾਂ, ਰੱਖਿਆ ਉਤਪਾਦਨ ਅਤੇ ਫੌਜੀ ਸਿਖਲਾਈ ਵਰਗੇ ਅਹਿਮ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ। ਇਸ ਦੇ ਨਾਲ ਹੀ ਅਗਲੀ ਪੀੜ੍ਹੀ ਦੇ ਰੱਖਿਆ ਉਪਕਰਨਾਂ ਦੇ ਸਾਂਝੇ ਵਿਕਾਸ ਅਤੇ ਨਿਰਮਾਣ ਨੂੰ ਵੀ ਤੇਜ਼ ਕੀਤਾ ਜਾਵੇਗਾ। ਹੁਣ ਤੱਕ ਵਪਾਰ ਅਤੇ ਨਿਵੇਸ਼ ਲਈ ਜਾਣੇ ਜਾਂਦੇ ਭਾਰਤ-UAE ਸਬੰਧਾਂ ਵਿੱਚ ਰੱਖਿਆ ਸਹਿਯੋਗ ਇੱਕ ਨਵਾਂ ਰਣਨੀਤਕ ਅਧਿਆਇ ਜੋੜਨ ਜਾ ਰਿਹਾ ਹੈ।
26 ਨਵੰਬਰ ਨੂੰ ਆਬੂ ਧਾਬੀ ਵਿੱਚ ਹੋਈ ਭਾਰਤ-UAE ਸਾਂਝੀ ਰੱਖਿਆ ਸਹਿਯੋਗ ਕਮੇਟੀ (JDCC) ਦੀ 14ਵੀਂ ਬੈਠਕ ਵਿੱਚ ਇਹ ਅਹਿਮ ਸਹਿਮਤੀ ਬਣੀ। ਬੈਠਕ ਦੀ ਸਾਂਝੀ ਪ੍ਰਧਾਨਗੀ ਭਾਰਤ ਦੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ UAE ਦੇ ਰੱਖਿਆ ਮੰਤਰਾਲੇ ਦੇ ਅੰਡਰ ਸੈਕਟਰੀ ਲੈਫਟੀਨੈਂਟ ਜਨਰਲ ਇਬਰਾਹਿਮ ਨਾਸਿਰ ਐਮ. ਅਲ ਅਲਾਵੀ ਨੇ ਕੀਤੀ। ਇਸ ਦੌਰਾਨ ਮਈ 2026 ਵਿੱਚ ਪ੍ਰਧਾਨ ਮੰਤਰੀ ਦੀ UAE ਫੇਰੀ ਵੇਲੇ ਸਹੀਬੰਦ ਹੋਏ ਰਣਨੀਤਕ ਰੱਖਿਆ ਸਾਂਝੇਦਾਰੀ ਢਾਂਚੇ ਨੂੰ ਅੱਗੇ ਵਧਾਉਣ ਅਤੇ ਪ੍ਰਗਤੀ ਦੀ ਨਿਯਮਤ ਸਮੀਖਿਆ ਕਰਨ 'ਤੇ ਜ਼ੋਰ ਦਿੱਤਾ ਗਿਆ।
ਬੈਠਕ ਵਿੱਚ ਸਰਕਾਰੀ ਪੱਧਰ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਵਿਚਾਲੇ ਵਪਾਰਕ ਸਾਂਝੇਦਾਰੀ ਵਧਾਉਣ 'ਤੇ ਵੀ ਚਰਚਾ ਹੋਈ। ਭਾਰਤੀ ਰੱਖਿਆ ਉਦਯੋਗ ਦੇ ਵਫ਼ਦ ਨੇ ਤਵਾਜ਼ੁਨ ਇੰਡਸਟਰੀਅਲ ਪਾਰਕ ਦਾ ਦੌਰਾ ਕੀਤਾ ਅਤੇ ਤਵਾਜ਼ੁਨ ਆਰਥਿਕ ਪ੍ਰੀਸ਼ਦ ਨਾਲ ਸੰਭਾਵਿਤ ਸਾਂਝੇ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਰਾਜੇਸ਼ ਕੁਮਾਰ ਸਿੰਘ ਨੇ UAE ਦੇ ਰੱਖਿਆ ਮਾਮਲਿਆਂ ਦੇ ਰਾਜ ਮੰਤਰੀ ਮੁਹੰਮਦ ਬਿਨ ਮੁਬਾਰਕ ਫਾਦੇਲ ਅਲ ਮਜ਼ਰੋਈ ਨਾਲ ਮੁਲਾਕਾਤ ਕਰਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ 'ਵਾਹਤ ਅਲ ਕਰਾਮਾ' ਸਮਾਰਕ 'ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।



