ਭਾਰਤ ਦੀ ਪਹਿਲੀ ਸਵਦੇਸ਼ੀ ਬੁਲੇਟ ਟ੍ਰੇਨ ਦੀ ਝਲਕ ਆਈ ਸਾਹਮਣੇ, ਯਾਤਰੀਆਂ ਨੂੰ ਮਿਲਣਗੀਆਂ ਹਵਾਈ ਜਹਾਜ਼ ਵਰਗੀਆਂ ਸਹੂਲਤਾਂ
ਨਵੀਂ ਦਿੱਲੀ: ਦੇਸ਼ ਦੇ ਰੇਲ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜਨ ਜਾ ਰਿਹਾ ਹੈ। ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਸਵਦੇਸ਼ੀ (ਮੇਡ-ਇਨ-ਇੰਡੀਆ) ਬੁਲੇਟ ਟ੍ਰੇਨ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਬੈਂਗਲੁਰੂ ਸਥਿਤ ਭਾਰਤ ਅਰਥ ਮੂਵਰਜ਼ ਲਿਮਟਿਡ (BEML) ਦੀ ਆਧੁਨਿਕ ਫੈਕਟਰੀ ਵਿੱਚ ਤਿਆਰ ਹੋ ਰਹੀ ਇਸ ਹਾਈ-ਸਪੀਡ ਟ੍ਰੇਨ ਦਾ ਸ਼ੁਰੂਆਤੀ ਰੂਪ ਬੇਹੱਦ ਆਕਰਸ਼ਕ ਹੈ, ਜਿਸ ਦਾ ਉੱਪਰਲਾ ਹਿੱਸਾ ਚਮਕਦਾਰ ਕੇਸਰੀ (ਸੈਫਰਨ ਔਰੇਂਜ) ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ।
ਇਸ ਸਵਦੇਸ਼ੀ ਬੁਲੇਟ ਟ੍ਰੇਨ (B28 ਮਾਡਲ) ਨੂੰ ਖ਼ਾਸ ਤੌਰ 'ਤੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਲਈ BEML ਅਤੇ ਇੰਟੀਗਰਲ ਕੋਚ ਫੈਕਟਰੀ (ICF) ਵੱਲੋਂ ਮਿਲ ਕੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਵੱਧ ਤੋਂ ਵੱਧ ਡਿਜ਼ਾਈਨ ਰਫ਼ਤਾਰ 280 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ, ਜਦਕਿ ਆਮ ਸੰਚਾਲਨ ਵਿੱਚ ਇਹ ਲਗਭਗ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ। ਯਾਤਰੀਆਂ ਦੇ ਸਫ਼ਰ ਨੂੰ ਆਰਾਮਦਾਇਕ ਬਣਾਉਣ ਲਈ ਇਸ ਵਿੱਚ ਘੁੰਮਣ ਤੇ ਝੁਕਣ ਵਾਲੀਆਂ ਆਰਾਮਦਾਇਕ ਸੀਟਾਂ, ਵੱਡੀਆਂ ਖਿੜਕੀਆਂ, ਵਾਈ-ਫਾਈ ਆਧਾਰਿਤ ਆਧੁਨਿਕ ਇਨਫੋਟੇਨਮੈਂਟ ਸਿਸਟਮ, ਮੋਬਾਈਲ-ਲੈਪਟਾਪ ਚਾਰਜਿੰਗ ਪੁਆਇੰਟ ਅਤੇ ਬਾਇਓ-ਵੈਕਿਊਮ ਟਾਇਲਟ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਨੁਸਾਰ, ਹਾਈ-ਸਪੀਡ ਰੇਲ ਦੇ ਇਲੈਕਟ੍ਰੀਫਿਕੇਸ਼ਨ ਸਿਸਟਮ ਦੇ ਮੁੱਖ ਹਿੱਸੇ ਅਤੇ ਜਾਪਾਨੀ ਤਕਨੀਕ 'ਤੇ ਆਧਾਰਿਤ 'ਜੇ-ਸਲੈਬ ਬੈਲਾਸਟਲੈੱਸ ਟ੍ਰੈਕ ਸਿਸਟਮ' ਵੀ ਹੁਣ ਭਾਰਤ ਵਿੱਚ ਹੀ ਤਿਆਰ ਕੀਤੇ ਜਾ ਰਹੇ ਹਨ। ਕੇਂਦਰੀ ਬਜਟ 2026-27 ਵਿੱਚ ਲਗਭਗ 16 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 4,000 ਕਿਲੋਮੀਟਰ ਲੰਬੇ ਸੱਤ ਨਵੇਂ ਹਾਈ-ਸਪੀਡ ਰੇਲ ਕੋਰੀਡੋਰਾਂ (ਮੁੰਬਈ-ਪੁਣੇ, ਚੇਨਈ-ਬੈਂਗਲੁਰੂ, ਦਿੱਲੀ-ਵਾਰਾਣਸੀ, ਬੈਂਗਲੁਰੂ-ਹੈਦਰਾਬਾਦ, ਚੇਨਈ-ਹੈਦਰਾਬਾਦ, ਪੁਣੇ-ਹੈਦਰਾਬਾਦ ਅਤੇ ਵਾਰਾਣਸੀ-ਪਟਨਾ-ਸਿਲੀਗੁੜੀ) ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਦਿੱਲੀ ਤੋਂ ਲਖਨਊ ਦਾ ਸਫ਼ਰ 2 ਘੰਟੇ 10 ਮਿੰਟ, ਦਿੱਲੀ ਤੋਂ ਵਾਰਾਣਸੀ 3 ਘੰਟੇ 50 ਮਿੰਟ, ਚੇਨਈ ਤੋਂ ਬੈਂਗਲੁਰੂ 1 ਘੰਟਾ 13 ਮਿੰਟ ਅਤੇ ਮੁੰਬਈ ਤੋਂ ਪੁਣੇ ਸਿਰਫ਼ 48 ਮਿੰਟਾਂ ਵਿੱਚ ਪੂਰਾ ਹੋ ਸਕੇਗਾ।



