ਜੇਐੱਨਐੱਨ, ਜੈਪੁਰ : ਰਾਜਸਥਾਨ ਵਿਚ ਡੀਗ ਜ਼ਿਲ੍ਹੇ ਦੇ ਘਾਟਮੀਕਾ ਪਿੰਡ ਦੇ ਵਾਸੀ ਨਾਸਿਰ ਤੇ ਜੁਨੈਦ ਦੇ ਕਤਲ ਮਾਮਲੇ ਵਿਚ ਹਰਿਆਣਾ ਦੇ ਮਾਨੇਸਰ ਨਿਵਾਸੀ ਮੋਨੂੰ ਨੇ ਪ੍ਰਵਾਨ ਕਰ ਲਿਆ ਹੈ ਕਿ ਉਸ ਨੇ ਦੋਹਰੇ ਕਤਲ ਦੀ ਸਾਜ਼ਿਸ਼ ਰਚੀ ਸੀ। ਡੀਗ ਜ਼ਿਲ੍ਹੇ ਦੇ ਮਥੁਰਾ ਗੇਟ ਪੁਲਿਸ ਥਾਣੇ ਵਿਚ ਪੁਲਿਸ ਸੁਪਰਡੈਂਟ ਸਮੇਤ ਹੋਰਨਾਂ ਅਧਿਕਾਰੀਆਂ ਦੀ ਪੁੱਛਗਿੱਛ ਵਿਚ ਅਪਰਾਧੀ ਮੋਨੂੰ ਨੇ ਪ੍ਰਵਾਨ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਫੜੇ ਗਏ ਮੁਲਜ਼ਮਾਂ ਨਾਲ ਮੋਬਾਈਲ ਸੰਪਰਕ ਵਿਚ ਸੀ। ਮੁੱਖ ਮੁਲਜ਼ਮ ਰਿੰਕੂ ਨਾਲ ਵੀ ਮੋਨੂੰ ਦਾ ਲਗਾਤਾਰ ਸੰਪਰਕ ਰਿਹਾ ਹੈ। ਨਾਸਿਰ ਤੇ ਜੁਨੈਦ ’ਤੇ ਗਊਆਂ ਦੀ ਤਸਕਰੀ ਦੇ ਦੋਸ਼ ਲੱਗੇ ਸਨ। ਇਸ ਲਈ ਮੋਨੂੰ ਮਾਨੇਸਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਫ਼ਤਾ ਪਹਿਲਾਂ ਦੋਵਾਂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਨਾਸਿਰ ਤੇ ਜੁਨੈਦ ਵੱਲੋਂ ਪਿੰਡ ਤੋਂ ਬਾਹਰ ਜਾਣਕਾਰੀ ਮੋਨੂੰ ਨੂੰ ਸਥਾਨਕ ਨੌਜਵਾਨ ਨੇ ਦਿੱਤੀ ਸੀ।

ਹੁਣ ਤੱਕ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਕਤਲ ਕਾਂਡ ਤੋਂ ਬਾਅਦ ਮੋਨੂੰ ਮਾਨੇਸਰ ਥਾਈਲੈਂਡ ਚਲਾ ਗਿਆ ਸੀ। ਫ਼ਰਾਰੀ ਕੱਟਣ ਵੇਲੇ ਮੋਨੂੁੰ ਮਾਨੇਸਰ ਬੈਂਕਾਕ ਵਿਚ ਤੁਰਿਆ ਫਿਰਦਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਤਲ ਕਾਂਡ ਵਿਚ ਮੋਨੂੰ ਸ਼ੱਕੀ ਅਨਸਰ ਹੈ ਪਰ ਇਸ ਦਾ ਮਾਸਟਰਮਾਈਂਡ ਉਹ ਹੈ ਕਿ ਨਹੀਂ, ਇਸ ਬਾਰੇ ਜਾਂਚ ਜਾਰੀ ਹੈ। ਇਸ ਸੰਗੀਨ ਮਾਮਲੇ ਵਿਚ ਹਾਲੇ ਕਈ ਅਨਸਰਾਂ ਦੀ ਗਿ੍ਰਫ਼ਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੋਨੂੰ ਰਾਣਾ, ਰਿੰਕੂ, ਗੋਗੀ ਤੇ ਮੋਨੂੰ ਮਾਨੇਸਰ ਨੂੰ ਕਾਬੂ ਕੀਤਾ ਸੀ ਹਾਲਾਂਕਿ 26 ਜਣੇ ਹੋਰ ਸ਼ੱਕੀ ਹਨ। ਗੋਪਾਲਗੜ੍ਹ ਪੁਲਿਸ ਥਾਣਾ ਮੁਖੀ ਸੰਤੋਸ਼ ਸ਼ਰਮਾ ਮੁਤਾਬਕ ਪੁੱਛਗਿੱਛ ਦੌਰਾਨ ਮੋਨੂੰ ਨੇ ਕਈ ਰਾਜ਼ ਉਗਲ ਦਿੱਤੇ ਹਨ।

15 ਦਿਨਾਂ ਦੀ ਨਿਆਇਕ ਹਿਰਾਸਤ ’ਚ

ਵੀਰਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਅਪਰਾਧੀ ਮੋਨੂੰ ਮਾਨੇਸਰ ਨੂੰ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਸੀ। ਪੁਲਿਸ ਨੂੰ ਮੁਖ਼ਬਰ ਕੋਲੋਂ ਸੂਚਨਾ ਮਿਲੀ ਸੀ ਕਿ ਮੋਨੂੰ ਨੂੰ ਪੁਲਿਸ ਥਾਣੇ ਤੋਂ ਅਦਾਲਤ ਲੈ ਕੇ ਜਾਣ ਸਮੇਂ ਮੋਨੂੰ ਦੇ ਸਮਰਥਕ ਮਾੜੇ ਅਨਸਰ ਹੰਗਾਮਾ ਕਰ ਸਕਦੇ ਹਨ। ਮੋਨੂੰ ਦੇ ਵਕੀਲ ਐੱਨਐੱਨ ਪਰੈਸ਼ਰ ਤੇ ਕੁਲਭੂਸ਼ਣ ਨੇ ਇਸ ਦੌਰਾਨ ਮੁਵੱਕਿਲ ਦੀ ਜ਼ਮਾਨਤ ਬਾਰੇ ਅਰਜ਼ੀ ਲਾਈ। ਦੂਜੇ ਪਾਸੇ ਪੁਲਿਸ ਨੇ ਦਲੀਲ ਦਿੱਤੀ ਹੈ ਕਿ ਮੋਨੂੰ ਵਾਸੀ ਮਾਨੇਸਰ ਦਾ ਨਾਂ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆ ਰਿਹਾ ਹੈ। ਅਜਿਹੇ ਵਿਚ ਉਸ ਨੂੰ ਜ਼ਮਾਨਤ ਦੇਣ ਦੀ ਬਜਾਏ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਜਾਵੇ।