ਏਸ਼ੀਆ ਪਾਵਰ ਇੰਡੈਕਸ 2026 ਵਿੱਚ ਭਾਰਤ ਦੀ ਵੱਡੀ ਛਾਲ, ਖੇਤਰੀ ਲੀਡਰਸ਼ਿਪ ਵਿੱਚ ਪ੍ਰਧਾਨ ਮੰਤਰੀ ਮੋਦੀ ਦੂਜੇ ਸਥਾਨ ‘ਤੇ
ਨਵੀਂ ਦਿੱਲੀ: ਆਰਥਿਕ ਚੁਣੌਤੀਆਂ ਅਤੇ ਪੱਛਮੀ ਏਸ਼ੀਆ ਦੇ ਸੰਘਰਸ਼ ਦੇ ਬਾਵਜੂਦ ਭਾਰਤ ਨੇ ਸਾਲ 2026 ਦੌਰਾਨ ਏਸ਼ੀਆ ਵਿੱਚ ਆਪਣਾ ਕੱਦ ਅਤੇ ਪ੍ਰਭਾਵ ਹੋਰ ਮਜ਼ਬੂਤ ਕੀਤਾ ਹੈ। 'ਏਸ਼ੀਆ ਪਾਵਰ ਇੰਡੈਕਸ 2026' ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦਾ ਕੁੱਲ ਸ਼ਕਤੀ ਸਕੋਰ ਵਧ ਕੇ 40.5 ਅੰਕ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 2018 ਵਿੱਚ ਇਸ ਸੂਚਕ ਅੰਕ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਭਾਰਤ ਅਤੇ ਚੀਨ ਵਿਚਾਲੇ ਸ਼ਕਤੀ ਦਾ ਪਾੜਾ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ।
ਖੇਤਰੀ ਲੀਡਰਸ਼ਿਪ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਬਾਅਦ ਏਸ਼ੀਆ ਦਾ ਦੂਜਾ ਸਭ ਤੋਂ ਪ੍ਰਭਾਵਸ਼ਾਲੀ ਆਗੂ ਮੰਨਿਆ ਗਿਆ ਹੈ। ਮਾਹਿਰਾਂ ਦੀ ਰਾਏ ਵਿੱਚ ਆਏ ਸੁਧਾਰ ਸਦਕਾ ਭਾਰਤ ਇਸ ਸ਼੍ਰੇਣੀ ਵਿੱਚ ਤਿੰਨ ਸਥਾਨ ਉੱਪਰ ਚੜ੍ਹਿਆ ਹੈ। ਕੂਟਨੀਤਕ ਪ੍ਰਭਾਵ ਨੂੰ ਭਾਰਤ ਦਾ ਸਭ ਤੋਂ ਮਜ਼ਬੂਤ ਪੱਖ ਦੱਸਿਆ ਗਿਆ ਹੈ, ਜਿੱਥੇ ਭਾਰਤ ਨੇ 70.3 ਅੰਕਾਂ ਨਾਲ ਆਪਣੀ ਪਕੜ ਬਰਕਰਾਰ ਰੱਖੀ ਹੈ।
ਭਾਵੇਂ ਰੁਪਏ ਦੀ ਕਮਜ਼ੋਰੀ ਅਤੇ ਵਿਦੇਸ਼ੀ ਨਿਵੇਸ਼ ਵਿੱਚ ਕਮੀ ਕਾਰਨ ਆਰਥਿਕ ਸਮਰੱਥਾ ਦਾ ਸਕੋਰ ਮਾਮੂਲੀ ਘਟ ਕੇ 26.4 ਅੰਕ ਰਿਹਾ, ਪਰ ਭਾਰਤ ਨੇ ਆਪਣਾ ਤੀਜਾ ਸਥਾਨ ਕਾਇਮ ਰੱਖਿਆ ਹੈ। ਭਵਿੱਖ ਦੇ ਸਰੋਤਾਂ ਵਿੱਚ ਭਾਰਤ ਦਾ ਸਕੋਰ ਵਧ ਕੇ 56.2 ਅੰਕ ਹੋ ਗਿਆ ਹੈ, ਜੋ ਦੇਸ਼ ਦੇ ਉੱਜਵਲ ਆਰਥਿਕ ਭਵਿੱਖ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਬ੍ਰਹਮੋਸ ਮਿਜ਼ਾਈਲਾਂ ਦੀ ਵਿਕਰੀ ਅਤੇ ਵਧਦੇ ਰੱਖਿਆ ਸਹਿਯੋਗ ਸਦਕਾ ਰੱਖਿਆ ਨੈੱਟਵਰਕ ਵਿੱਚ ਭਾਰਤ ਨੌਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਸੱਭਿਆਚਾਰਕ ਪ੍ਰਭਾਵ ਦਾ ਸਕੋਰ ਵੀ ਵਧ ਕੇ 43.8 ਅੰਕ ਹੋ ਗਿਆ ਹੈ।



