ਨਵੀਂ ਦਿੱਲੀ (ਏਜੰਸੀ) : ਅੱਤਵਾਦੀ ਸੰਗਠਨਾਂ ਦੇ ਵਿੱਤੀ ਢਾਂਚੇ ਨੂੰ ਤਬਾਹ ਕਰਨ ਦੀ ਨਵੀਂ ਰਣਨੀਤੀ ਤਹਿਤ ਹਰਿਆਣਾ ’ਚ ਵਿਸ਼ੇਸ਼ ਐੱਨਆਈਏ ਕੋਰਟ ਨੇ ਖ਼ਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਚਾਰ ਸਾਥੀਆਂ ਦੀਆਂ ਹਰਿਆਣਾ ’ਚ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਹ ਪਹਿਲੀ ਵਾਰੀ ਹੈ ਜਦੋਂ ਐੱਨਆਈਏ ਵੱਲੋਂ ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।

ਸੰਘੀ ਅੱਤਵਾਦੀ ਵਿਰੋਧੀ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ‘ਐੱਨਆਈਏ ਵੱਲੋਂ ਜਾਇਦਾਦਾਂ ਜ਼ਬਤ ਕਰਨਾ ਅੱਤਵਾਦੀਆਂ ਦੇ ਆਰਥਿਕ ਢਾਂਚੇ ਨੂੰ ਤਬਾਹ ਕਰਨ ਦਾ ਇਕ ਅਹਿਮ ਹਥਿਆਰ ਹੈ ਜਿਸ ਨਾਲ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਠੱਲ੍ਹ ਪਾਈ ਜਾ ਸਕੇ।’ ਏਜੰਸੀ ਪਹਿਲਾਂ ਹੀ ਅੱਤਵਾਦੀਆਂ ਨਾਲ ਜੁੜੀਆਂ ਕਈ ਜਾਇਦਾਦਾਂ ਜ਼ਬਤ ਕਰ ਚੁੱਕੀ ਹੈ ਤੇ ਕਈ ਹੋਰ ਅਦਾਲਤਾਂ ’ਚ ਵੀ ਅਜਿਹੀ ਪ੍ਰਕਿਰਿਆ ਜਾਰੀ ਹੈ।

ਬੁਲਾਰੇ ਨੇ ਕਿਹਾ ਕਿ ਇਕ ਨਵੇਂ ਮਾਮਲੇ ’ਚ ਐੱਨਆਈਏ ਦੀ ਵਿਸ਼ੇਸ਼ ਕੋਰਟ ਨੇ ਏਜੰਸੀ ਦੀ ਉਹ ਅਰਜ਼ੀ ਮਨਜ਼ੂਰ ਕਰ ਲਈ ਹੈ ਜਿਸ ਵਿਚ 7.80 ਲੱਖ ਕੈਸ਼ ਤੇ ਇਕ ਕਾਰ, ਜਿਸਨੂੰ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਲਈ ਇਸਤੇਮਾਲ ਕੀਤਾ ਜਾਂਦਾ ਸੀ, ਦੇ ਜ਼ਬਤ ਕਰਨ ਦੀ ਮੰਗ ਕੀਤੀ ਗਈ ਸੀ।

ਹਰਿਆਣਾ ਪੁਲਿਸ ਨੇ ਪਿਛਲੇ ਸਾਲ 5 ਮਈ ਨੂੰ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਤੇ ਭੁਪਿੰਦਰ ਸਿੰਘ ਤੋਂ ਤਿੰਨ ਵਿਸਫੋਟਕ ਪਦਾਰਥ, ਇਕ ਪਿਸਤੌਲ ਤੇ ਦੋ ਮੈਗਜ਼ੀਨ, ਗੋਲੀ ਸਿੱਕੇ ਦੇ 31 ਰਾਊਂਡ ਤੇ 1.30 ਲੱਖ ਰੁਪਏ ਕੈਸ਼ ਬਰਾਮਦ ਕੀਤੇ ਸਨ। ਉਹ ਆਪਣੀ ਕਾਰ ’ਚ ਤੇਲੰਗਾਨਾ ਦੇ ਆਦਿਲਾਬਾਦ ’ਚ ਅੱਤਵਾਦੀਆਂ ਨੂੰ ਖੇਪ ਪਹੁੰਚਾਉਣ ਲਈ ਜਾ ਰਹੇ ਸਨ। ਇਨ੍ਹਾਂ ਹਥਿਆਰਾਂ ਨੂੰ ਕਾਰ ਵਿਚ ਲੁਕਾ ਕੇ ਰੱਖਿਆ ਗਿਆ ਸੀ। ਹਰਿਆਣਾ ਪੁਲਿਸ ਮਧੂਬਨ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਐੱਨਆਈਏ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਇਨ੍ਹਾਂ ਚਾਰਾਂ ਨੂੰ ਪਾਕਿਸਤਾਨ ’ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਡ੍ਰੋਨ ਜ਼ਰੀਏ ਇਹ ਹਥਿਆਰ ਪਹੁੰਚਾਏ ਸਨ। ਇਹ ਸਪਲਾਈ ਭਾਰਤ-ਪਾਕਿ ਸਰਹੱਦ ਦੇ ਨੇੜੇ ਪਹੁੰਚਾਈ ਗਈ ਸੀ।