ਲਖਵਿੰਦਰ ਸੰਧੂ, 70877-19522: ਗੁਰਚਰਨ ਪੋਹਲੀ ਪੰਜਾਬ ਦਾ ਇਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਦੇ ਕੱਦ ਨੂੰ ਹੋਰ ਉੱਚਾ ਕਰ ਦਿੱਤਾ। ਉਸ ਦਾ ਜਨਮ 24 ਜੂਨ 1942 ’ਚ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਚੱਕ ਨੰਬਰ 51, ਪਾਕਪਟਨ ਤਹਿਸੀਲ ’ਚ ਪਿਤਾ ਬੂੜ ਸਿੰਘ ਦੇ ਘਰ ਹੋਇਆ। ਵੰਡ ਕਾਰਨ ਉਸ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਆ ਕੇ ਵਸ ਗਿਆ। ਸਕੂਲ ਸਮੇਂ ਤੋਂ ਹੀ ਉਸ ਨੂੰ ਗੀਤ ਗਾਉਣ, ਭੰਗੜੇ ਤੇ ਅਦਾਕਾਰੀ ਕਰਨ ਦਾ ਕਾਫ਼ੀ ਸ਼ੌਕ ਸੀ। ਉਹ 1960 ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ ਪੰਜਾਬੀ ਫਿਲਮਾਂ ’ਚ ਬਹੁਤ ਸਰਗਰਮ ਸੀ। ਉਸ ਦਾ ਵਿਆਹ ਗਾਇਕਾ ਪ੍ਰੇਮਿਲਾ ਪੰਮੀ ਨਾਲ ਹੋਇਆ। ਉਸ ਨੇ ਜਿੱਥੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹਿਆ, ਉੱਥੇ ਹੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਅੱਜ ਵੀ ਲੋਕਾਂ ਦੇ ਦਿਲਾਂ ’ਚ ਆਪਣੀ ਅਨੋਖੀ ਥਾਂ ਬਣਾਈ ਹੋਈ ਹੈ।
ਪ੍ਰੇਮਿਲਾ ਪੰਮੀ ਨਾਲ ਗਾਏ ਕਈ ਸੁਪਰਹਿੱਟ ਗੀਤ
ਗੁਰਚਰਨ ਪੋਹਲੀ ਨੇ ਉਸਤਾਦ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਦੌਰਾਨ ਉਸ ਦੀ ਮੁਲਾਕਾਤ ਗਾਇਕਾ ਪ੍ਰੋਮਿਲਾ ਪੰਮੀ ਨਾਲ ਹੋਈ ਕਿਉਂਕਿ ਉਸ ਸਮੇਂ ਉਹ ਵੀ ਉਸਤਾਦ ਭੰਵਰਾ ਤੋਂ ਸੰਗੀਤ ਸਿੱਖ ਰਹੀ ਸੀ। ਉਸ ਨੇ ਪ੍ਰੋਮਿਲਾ ਨਾਲ ਜੋੜੀ ਬਣਾ ਕੇ ਗਾਉਣਾ ਸ਼ੁਰੂ ਕਰ ਦਿੱਤਾ। ਫਿਰ 1966 ’ਚ ਐੱਚਐੱਮਵੀ ਕੰਪਨੀ ਨਾਲ ਗੁਰਚਰਨ ਪੋਹਲੀ ਤੇ ਪ੍ਰੋਮਿਲਾ ਦਾ ਪਹਿਲਾ ਗੀਤ ਰਿਲੀਜ਼ ਹੋਇਆ, ਜਿਸ ਦੇ ਬੋਲ ਸਨ ,‘ਆਥਣ ਉੱਗਣ ਕਰੇਂ ਕਚੀਰਾ, ਲੜਦਾ ਉੱਠਦਾ ਬਹਿੰਦਾ, ਵੇ ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ’, ਜੋ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਇਸ ਤੋਂ ਬਾਅਦ ਇਸ ਜੋੜੀ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕੀਤਾ । ਦੋਵਾਂ ਨੇ ਵਿਆਹ ਵੀ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ‘ਤੀਵੀਆਂ ਦੋ ਬੁਰੀਆਂ’, ‘ਡੋਲੂ ਛੜੇ ਜੇਠ ਦਾ’, ‘ਮੈਨੂੰ ਜੇਠ ਭੂਤਨਾ ਚਿੰਬੜ ਗਿਆ’, ‘ਜੈ ਬਾਬੇ ਦੀ ਬੋਲ’, ‘ਫ਼ੌਜੀ ਚੱਲਿਆ’ , ‘ਹਾਲੇ ਚੜਿ੍ਹਆ ਸੋਲ੍ਹਵਾਂ ਸਾਲ’ , ‘ਭਜਨੋ ਕੀ ਹਾਲ ਐ’, ‘ਸੱਦ ਲੈ ਆਸ਼ਿਕ ਨੂੰ’, ‘ਪੱਤਣ ਉੱਤੇੇ ਸਿਰ ਰੱਖ ਕੇ’, ‘ਬਹਿਜਾ ਗੱਡੀ ’ਚ ਆ ਕੇ’, ‘ਫ਼ੌਜੀ ਜੰਗ ਜਿੱਤ ਕੇ ਆਇਆ’, ‘ਕੱਲੀ ਘਰ ਲਾਈ’, ‘ਜੱਟਾ ਬਦਨਾਮ ਹੋ ਗਈ’, ‘ਅੜਬ ਜੱਟ’, ‘ਦੁੱਖੜੇ ਛੜਿਆਂ ਦੇ’, ‘ਝੰਡੀਆਂ ਦਿਖਾਉਂਦੀ ਹਰੀਆਂ’, ‘ਪੁੱਤਰ ਸਰਦਾਰਾਂ ਦੇ’, ‘ਮਰ ਗਈ ਵੇ ਜੇਠਾ’, ‘ਗਿੱਦੜ ਕੜਿੱਕਾ’, ‘ਹਿੱਕ ’ਤੇ ਆਲ੍ਹਣਾ’, ‘ਉਮਰ ਨਿਆਣੀ ਅਜੇ’, ‘ਜੱਟ ਧਾਹਾਂ ਮਾਰੂਗਾ’, ‘ਮੁੰਡਾ ਨਹੀਂ ਚੁੱਕਣਾ’ ਆਦਿ ਕੀਤਾ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕੀਤਾ।
‘ਕੁੱਲੀ ਯਾਰ ਦੀ’ ਤੋਂ ਸ਼ੁਰੂ ਹੋਇਆ ਫਿਲਮੀ ਸਫ਼ਰ
ਗੁਰਚਰਨ ਪੋਹਲੀ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ 1969 ’ਚ ਬੂਟਾ ਸਿੰਘ ਸ਼ਾਦ ਦੀ ਫਿਲਮ ‘ਕੁੱਲੀ ਯਾਰ ਦੀ’ ਤੋਂ ਪਿੱਠਵਰਤੀ ਗਾਇਕ ਵਜੋਂ ਹੋਈ। ਉਸ ਨੂੰ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਵੀ ਬਹੁਤ ਸ਼ੌਕ ਸੀ, ਇਸ ਲਈ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ। ਇਸ ਦੌਰਾਨ ਉਸ ਨੇ 1994 ’ਚ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਕੋਰਾ ਬਦਨ’ ’ਚ ਅਦਾਕਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਹੋਰ ਕਈ ਬਾਲੀਵੁੱਡ ਫਿਲਮਾਂ ਜਿਵੇਂ ‘ਚੱਟਾਨ ਸਿੰਘ’, ‘ਪਾਪ ਔਰ ਪੁੰਨ’, ‘ਸ਼ਰਾਫ਼ਤ ਛੋੜ ਦੀ ਮੈਨੇ’, ‘ਹਵਸ’, ‘ਦਿਲ ਔਰ ਪੱਥਰ’, ‘ਸੰਨਿਆਸੀ’ ਤੇ ‘ਹਮਰਾਹੀ’ ਆਦਿ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਚੰਗਾ ਨਾਂ ਕਮਾ ਲਿਆ।
ਸੱਤ-ਅੱਠ ਸਾਲ ਬਾਲੀਵੁੱਡ ਦੀਆਂ ਫਿਲਮਾਂ ਕਰਨ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ । ਇਸ ਤੋਂ ਬਾਅਦ ਉਸ ਨੇ ਇਕ ਵਾਰ ਫਿਰ ਗਾਇਕੀ ਦੇ ਖੇਤਰ ’ਚ ਪੈਰ ਰੱਖਿਆ। ਇਸ ਦੌਰਾਨ ਉਹ ਪੰਜਾਬ ਦੀ ਧਰਤੀ ਉੱਤੇ ਕਈ ਅਖਾੜੇ ਤਾਂ ਲਾ ਰਿਹਾ ਸੀ ਪਰ ਉਸ ਦੇ ਦਿਲ ’ਚ ਹਾਲੇ ਵੀ ਫਿਲਮਾਂ ’ਚ ਕੰਮ ਕਰਨ ਦਾ ਸੁਪਨਾ ਸੀ। ਫਿਰ ਉਸ ਨੇ 1981 ’ਚ ਵਰਿੰਦਰ, ਕੁਲਦੀਪ ਮਾਣਕ, ਦੇਵ ਥਰੀਕੇ ਵਾਲਾ, ਮਿਹਰ ਮਿੱਤਲ ਵਰਗੇ ਕਲਾਕਾਰਾਂ ਨਾਲ ਮਿਲ ਕੇ ‘ਬਲਬੀਰੋ ਭਾਬੀ’ ਨਾਂ ਦੀ ਫਿਲਮ ਬਣਾਈ, ਜਿਸ ’ਚ ਗੁਰਚਰਨ ਉਸ ਵੱਲੋਂ ਨਿਭਾਏ ਗਏ ਘੂਕਰ ਦੇ ਰੋਲ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਤੇ ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਸ ਨੇ 1983 ’ਚ ‘ਰੂਪ ਸ਼ੌਕੀਨਨ ਦਾ’, 1984 ’ਚ ‘ਯਾਰੀ ਜੱਟ ਦੀ’ , 1986 ’ਚ ‘ਕੀ ਬਣੂ ਦੁਨੀਆ ਦਾ’, 1987 ’ਚ ‘ਪਟੋਲਾ’ ਤੇ 1988 ’ਚ ‘ਜੱਟ ਸੂਰਮੇ’ ਫਿਲਮ ’ਚ ਕੰਮ ਕੀਤਾ। ਇਨ੍ਹਾਂ ਫਿਲਮਾਂ ’ਚ ਨਿਭਾਏ ਕਿਰਦਾਰਾਂ ਕਰਕੇ ਉਹ ਖਲਨਾਇਕ ਦੇ ਤੌਰ ’ਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਸੀ।
ਪੰਜਾਬੀ ਇੰਡਸਟਰੀ ਨੂੰ ਮਿਲਿਆ ਸ਼ਾਨਦਾਰ ਖਲਨਾਇਕ
ਪੰਜਾਬੀ ਫਿਲਮਾਂ ’ਚ ਜੇ ਨਾਂਹ-ਪੱਖੀ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ‘ਬਲਬੀਰੋ ਭਾਬੀ’ ਫਿਲਮ ਦਾ ਘੁੱਕਰ ਪਹਿਲੇ ਸਥਾਨ ’ਤੇ ਆਉਂਦਾ ਹੈ। ਫਿਲਮ ’ਚ ਗੁਰਚਰਨ ਪੋਹਲੀ ਦੀ ਲੁੱਕ, ਚੱਲਣ ਤੇ ਬੋਲਣ ਦੇ ਤਰੀਕੇ ਤੇ ਅਦਾਕਾਰੀ ਨੇ ਫਿਲਮ ਨੂੰ ਚਾਰ ਚੰਨ ਲਾ ਦਿੱਤੇ। ਵਰਿੰਦਰ, ਮਿਹਰ ਮਿੱਤਲ ਵਰਗੇ ਦਿੱਗਜ ਕਲਾਕਾਰਾਂ ਦੇ ਫਿਲਮ ’ਚ ਹੋਣ ਦੇ ਬਾਵਜੂਦ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਅਜਿਹੀ ਥਾਂ ਹਾਸਲ ਕੀਤੀ, ਜੋ ਅੱਜ ਵੀ ਕੋਈ ਹਾਸਲ ਨਹੀਂ ਕਰ ਸਕਿਆ। ‘ਬਲਬੀਰੋ ਭਾਬੀ’ ਤੋਂ ਇਲਾਵਾ ‘ਰੂਪ ਸ਼ੌਕੀਨਨ ਦਾ’ ’ਚ ਜ਼ੋਰਾ, ‘ਪਟੋਲਾ’ ’ਚ ਮੰਗਲ ਸਿੰਘ, ‘ਯਾਰੀ ਜੱਟ ਦੀ’ ’ਚ ਦੀਪਾ ਦੇ ਕਿਰਦਾਰ ਨੇ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ’ਚ ਅਜਿਹੇ ਖਲਨਾਇਕ ਦਾ ਸਥਾਨ ਦਿੱਤਾ,ਜੋ ਫਿਲਮ ਦੀ ਸਫਲਤਾ ’ਚ ਮੁੱਖ ਭੂਮਿਕਾ ਨਿਭਾਉਂਦਾ ਸੀ । ਉੱਚੇ ਕੱਦ-ਕਾਠ, ਮਜ਼ਬੂਤ ਸਰੀਰ ਤੇ ਵਜ਼ਨਦਾਰ ਆਵਾਜ਼ ਕਾਰਨ ਉਸ ਨੇ ਨਾਂਹ-ਪੱਖੀ ਕਿਰਦਾਰ ਕਾਫ਼ੀ ਚੰਗੇ ਢੰਗ ਨਾਲ ਨਿਭਾਏ । ਉਸ ਦੇ ਕਈ ਡਾਇਲਾਗ ਅੱਜ ਵੀ ਦਰਸ਼ਕਾਂ ਨੂੰ ਜ਼ੁਬਾਨੀ ਯਾਦ ਹਨ
ਕਾਲੇ ਦੌਰ ’ਚ ਛੱਡਣੀ ਪਈ ਪੰਜਾਬੀ ਇੰਡਸਟਰੀ
ਪੰਜਾਬ ’ਚ 1984 ਤੋਂ ਬਾਅਦ ਸ਼ੁਰੂ ਹੋਏ ਕਾਲੇ ਦੌਰ ਨੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਇਸ ਦੌਰ ’ਚ ਪੰਜਾਬ ’ਚ ਫਿਲਮਾਂ ਬਣਨੀਆਂ ਲਗਭਗ ਖ਼ਤਮ ਹੋ ਗਈਆਂ ਸਨ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ,ਨਿਰਦੇਸ਼ਕਾਂ ਤੇ ਹੋਰਨਾਂ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ । ਇਸ ਦੌਰਾਨ ਵਰਿੰਦਰ, ਅਵਤਾਰ ਸਿੰਘ ਪਾਸ਼, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਆਦਿ ਦੇ ਹੋਏ ਕਤਲ ਕਾਰਨ ਬਹੁਤੇ ਕਲਾਕਾਰ ਪੰਜਾਬ ਛੱਡ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਇਨ੍ਹਾਂ ’ਚੋਂ ਗੁਰਚਰਨ ਪੋਹਲੀ ਵੀ ਇਕ ਸੀ। ਆਪਣੇ ਕਰੀਅਰ ਨੂੰ ਸਿਖਰ ਉੱਤੇ ਪਹੁੰਚਾ ਕੇ ਇਸ ਤਰ੍ਹਾਂ ਛੱਡ ਜਾਣਾ ਉਸ ਲਈ ਆਸਾਨ ਨਹੀਂ ਸੀ ਪਰ ਫਿਰ ਵੀ ਉਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਛੱਡ ਦਿੱਤਾ ਤੇ ਅਮਰੀਕਾ ਦੇ ਕੈਲੀਫੋਰਨੀਆ ’ਚ ਜਾ ਕੇ ਸੈਟਲ ਹੋ ਗਿਆ।



