ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੀ ਸ਼ਹਾਦਤ – ਪ੍ਰੋ. ਬਡੂੰਗਰ
ਪਟਿਆਲਾ ( ਰਾਜਿੰਦਰ ਸਿੰਘ ਬਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੱਡੀ ਪੰਜਾ ਸਾਹਿਬ ਦੇ ਮਹਾਨ ਸੂਰਬੀਰ ਸ਼ਹੀਦ
ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਯਾਦ ਕਰਦਿਆਂ ਕਿਹਾ ਕਿ ਸਾਕਾ ਪੰਜਾ ਸਾਹਿਬ ਸ਼ਾਂਤਮਈ ਤੇ ਅਹਿੰਸਕ ਅੰਦੋਲਨ ਰਾਹੀਂ ਹੱਕਾਂ ਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਦਾ
ਪ੍ਰਤੀਕ ਸੀ ਅਤੇ ਇਸ ਦੌਰਾਨ ਮਹੰਤਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਮੋਰਚਾ ਗੁਰੂ ਬਾਗ ਦੌਰਾਨ ਸਿੱਖੀ ਸਿਧਾਂਤਾਂ ਤੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਦ੍ਰਿੜਤਾ
ਨਾਲ ਪਹਿਰਾ ਦਿੰਦਿਆਂ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਆਪਣੀ ਸ਼ਹਾਦਤ ਦਿੱਤੀ, ਜੋ ਗੱਡੀ ਅੱਗੇ ਲੇਟ ਕੇ ਆਪਣਾ ਆਪ ਕੁਰਬਾਨ ਕਰ ਗਏ। ਪ੍ਰੋ. ਬਡੂੰਗਰ ਨੇ ਕਿਹਾ ਕਿ
ਇਹ ਘਟਨਾ 30 ਅਕਤੂਬਰ 1922 ਦੀ ਹੈ, ਜਦੋਂ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ। ਜਦੋਂ ਸਟੇਸ਼ਨ ਮਾਸਟਰ
ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕੀਤਾ ਤਾਂ ਤੇ ਗੱਡੀ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਕੁਚਲਦੀ ਹੋਈ ਰੁਕੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਇਤਿਹਾਸ ਮਹਾਨ
ਕੁਰਬਾਨੀਆਂ ਨਾਲ ਭਰਿਆ ਤੇ ਅਜਿਹੀਆਂ ਘਟਨਾਵਾਂ ਹਰ ਮਨੁੱਖ ਨੂੰ ਆਪਣੇ ਧਰਮ ਅੰਦਰ ਸਿੱਖ ਸਿਧਾਂਤਾਂ ਅਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਪ੍ਰੇਰਦੀਆਂ ਹਨ। ਉਨ੍ਹਾਂ ਕਿਹਾ ਕਿ
ਅੱਜ ਅਦੁੱਤੀ ਸੰਘਰਸ਼ ਤੇ ਲਾਸਾਨੀ ਸ਼ਹੀਦੀਆਂ ਨੂੰ ਆਪਣੀ ਪ੍ਰੇਰਣਾ ਦਾ ਮਾਰਗ ਬਣਾਈਏ।



