ਹਰਿਆਣਾ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ: 320 ਕਰੋੜ ਰੁਪਏ ਨਾਲ ਚਮਕਣਗੀਆਂ 7 ITI, ਮਿਲੇਗੀ ਏਆਈ ਅਤੇ ਡਰੋਨ ਤਕਨੀਕ ਦੀ ਸਿਖਲਾਈ
ਚੰਡੀਗੜ੍ਹ (ਚੰਦਰ ਸ਼ੇਖਰ ਧਰਣੀ): ਹਰਿਆਣਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ 'ਪੀਐੱਮ-ਸੇਤੂ' ਯੋਜਨਾ ਤਹਿਤ ਕੁਰੂਕਸ਼ੇਤਰ ਆਈਟੀਆਈ ਕਲੱਸਟਰ ਦੇ ਆਧੁਨਿਕੀਕਰਨ ਲਈ 320 ਕਰੋੜ ਰੁਪਏ ਦੇ ਵੱਡੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਕੁਰੂਕਸ਼ੇਤਰ, ਕੈਥਲ, ਪਿਹੋਵਾ, ਪਬਨਾਵਾ ਅਤੇ ਅੰਬਾਲਾ ਦੀਆਂ ਸੱਤ ਸਰਕਾਰੀ ਆਈਟੀਆਈ ਸੰਸਥਾਵਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਹੁਣ ਨੌਜਵਾਨਾਂ ਨੂੰ ਸਿਰਫ਼ ਰਵਾਇਤੀ ਕੋਰਸਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਡਰੋਨ ਤਕਨੀਕ, ਇਲੈਕਟ੍ਰਿਕ ਵਾਹਨ (EV) ਅਤੇ ਸਾਈਬਰ ਸੁਰੱਖਿਆ ਵਰਗੇ ਆਧੁਨਿਕ ਖੇਤਰਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਨੂੰ 'ਹੱਬ ਐਂਡ ਸਪੋਕ' ਮਾਡਲ ਤਹਿਤ ਚਲਾਇਆ ਜਾਵੇਗਾ, ਜਿਸ ਵਿੱਚ ਜਿੰਦਲ ਨਵੀਨ ਅਵਸਰ ਲਿਮਟਿਡ ਨੂੰ ਇੰਡਸਟਰੀ ਪਾਰਟਨਰ ਬਣਾਇਆ ਗਿਆ ਹੈ। ਇਸ ਕਦਮ ਨਾਲ ਹਰਿਆਣਾ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।



