12 ਸਾਲਾਂ ‘ਚ ਪੀਐੱਮ ਮੋਦੀ ਦੇ ਵਿਦੇਸ਼ ਦੌਰਿਆਂ ‘ਤੇ 900 ਕਰੋੜ ਤੋਂ ਵੱਧ ਦਾ ਖਰਚਾ, 2025 ਰਿਹਾ ਸਭ ਤੋਂ ਮਹਿੰਗਾ ਸਾਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਹਮੇਸ਼ਾ ਚਰਚਾ ਦਾ ਵਿਸ਼ਾ ਰਹੇ ਹਨ। ਅੰਕੜਿਆਂ ਮੁਤਾਬਕ ਜੂਨ 2014 ਤੋਂ ਜੁਲਾਈ 2026 ਤੱਕ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ 'ਤੇ 900 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ। ਇਸ ਦੌਰਾਨ ਉਨ੍ਹਾਂ ਨੇ 81 ਦੇਸ਼ਾਂ ਦੇ 183 ਦੌਰੇ ਕੀਤੇ। ਵਿਦੇਸ਼ ਮੰਤਰਾਲੇ ਵੱਲੋਂ ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਧ 10 ਵਾਰ ਅਮਰੀਕਾ ਦਾ ਦੌਰਾ ਕੀਤਾ, ਜਦਕਿ ਸੰਯੁਕਤ ਅਰਬ ਅਮੀਰਾਤ, ਜਾਪਾਨ ਅਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਉਹ 8-8 ਵਾਰ ਗਏ।
ਸਭ ਤੋਂ ਵੱਧ ਵਿਅਸਤ ਸਾਲਾਂ ਦੀ ਗੱਲ ਕਰੀਏ ਤਾਂ 2015 ਵਿੱਚ ਉਨ੍ਹਾਂ ਨੇ 28 ਵਿਦੇਸ਼ ਯਾਤਰਾਵਾਂ ਕੀਤੀਆਂ ਸਨ। ਪਰ ਖਰਚੇ ਦੇ ਲਿਹਾਜ਼ ਨਾਲ 2025 ਸਭ ਤੋਂ ਮਹਿੰਗਾ ਸਾਲ ਰਿਹਾ, ਜਿਸ ਵਿੱਚ ਉਨ੍ਹਾਂ ਦੇ 23 ਦੇਸ਼ਾਂ ਦੇ ਦੌਰਿਆਂ 'ਤੇ ਲਗਭਗ 187.83 ਕਰੋੜ ਰੁਪਏ ਖਰਚ ਹੋਏ। 2026 ਵਿੱਚ ਜੁਲਾਈ ਤੱਕ ਉਨ੍ਹਾਂ ਦੇ ਦੌਰਿਆਂ 'ਤੇ 74.59 ਕਰੋੜ ਰੁਪਏ ਦਾ ਖਰਚਾ ਆ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਦੇ ਠਹਿਰਨ ਦਾ ਖਰਚਾ ਮੇਜ਼ਬਾਨ ਦੇਸ਼ ਚੁੱਕਦਾ ਹੈ, ਜਦਕਿ ਭਾਰਤੀ ਅਧਿਕਾਰੀਆਂ, ਸੁਰੱਖਿਆ ਪ੍ਰਬੰਧਾਂ ਅਤੇ ਵਿਸ਼ੇਸ਼ ਜਹਾਜ਼ਾਂ ਦਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਵਿਸ਼ਵ ਪੱਧਰ 'ਤੇ ਭਾਰਤ ਦੇ ਵਪਾਰਕ ਅਤੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।



