ਰਾਏਪੁਰ ‘ਚ ਵਿਕ ਰਹੀ ਸੀ ਪਾਬੰਦੀਸ਼ੁਦਾ ਪਾਕਿਸਤਾਨੀ ਬਿਊਟੀ ਕ੍ਰੀਮ, ਸਿਹਤ ਵਿਭਾਗ ਨੇ 1.25 ਲੱਖ ਦਾ ਸਾਮਾਨ ਕੀਤਾ ਜ਼ਬਤ
ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪ੍ਰਮੁੱਖ ਵਪਾਰਕ ਖੇਤਰ ਗੋਲ ਬਾਜ਼ਾਰ ਵਿੱਚ ਪਾਕਿਸਤਾਨ ਦੀਆਂ ਬਣੀਆਂ ਪਾਬੰਦੀਸ਼ੁਦਾ ਸੁੰਦਰਤਾ ਕਰੀਮਾਂ ਦੀ ਵਿਕਰੀ ਦਾ ਪਰਦਾਫਾਸ਼ ਹੋਇਆ ਹੈ। ਔਸ਼ਧੀ ਵਿਭਾਗ ਨੇ ਛਾਪੇਮਾਰੀ ਕਰਦਿਆਂ ਓਮ ਬਿਊਟੀ ਸੈਂਟਰ ਨਾਮ ਦੀ ਦੁਕਾਨ ਤੋਂ ਲਗਭਗ 1.25 ਲੱਖ ਰੁਪਏ ਦੀਆਂ 236 ਕਰੀਮਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ 218 'ਗੋਰੀ ਕਰੀਮ' ਅਤੇ 18 'ਚਾਂਦਨੀ ਕਰੀਮ' ਸ਼ਾਮਲ ਹਨ। ਕੇਂਦਰ ਸਰਕਾਰ ਵੱਲੋਂ ਪਾਕਿਸਤਾਨੀ ਉਤਪਾਦਾਂ ਦੇ ਆਯਾਤ 'ਤੇ ਪਾਬੰਦੀ ਦੇ ਬਾਵਜੂਦ ਇਹ ਕਰੀਮਾਂ ਚਿਹਰਾ ਗੋਰਾ ਕਰਨ ਦਾ ਦਾਅਵਾ ਕਰਕੇ 300 ਤੋਂ 550 ਰੁਪਏ ਵਿੱਚ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਸਨ।
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਕਰੀਮਾਂ ਵਿੱਚ ਪਾਰੇ (ਮਰਕਰੀ) ਦੀ ਮਾਤਰਾ ਤੈਅ ਸੀਮਾ ਤੋਂ ਕਈ ਗੁਣਾ ਵੱਧ ਹੁੰਦੀ ਹੈ। ਰਾਏਪੁਰ ਦੇ ਡੀਕੇਐੱਸ ਹਸਪਤਾਲ ਦੇ ਡਾ. ਦਕਸ਼ੇਸ਼ ਸ਼ਾਹ ਅਨੁਸਾਰ, ਇਹ ਕਰੀਮਾਂ ਗੁਰਦਿਆਂ (ਕਿਡਨੀ) ਅਤੇ ਨਰਵਸ ਸਿਸਟਮ ਲਈ ਬੇਹੱਦ ਖ਼ਤਰਨਾਕ ਹਨ, ਜਿਸ ਨਾਲ ਇਨਸਾਨ ਨੂੰ ਅਧਰੰਗ ਵੀ ਹੋ ਸਕਦਾ ਹੈ। ਮਹਾਰਾਸ਼ਟਰ ਵਿੱਚ ਵੀ ਪਹਿਲਾਂ 18 ਔਰਤਾਂ ਇਸ ਕਰੀਮ ਦੀ ਵਰਤੋਂ ਕਾਰਨ ਗੁਰਦਿਆਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਾਬੰਦੀ ਦੇ ਬਾਵਜੂਦ ਇਹ ਸਾਮਾਨ ਰਾਏਪੁਰ ਦੇ ਬਾਜ਼ਾਰਾਂ ਤੱਕ ਕਿਵੇਂ ਪਹੁੰਚਿਆ।



