ਹਵਾ ਵਿੱਚ ਫਸਿਆ ਲੈਂਡਿੰਗ ਗੀਅਰ: ਟੇਕਆਫ ਤੋਂ ਠੀਕ ਪਹਿਲਾਂ ਇੰਡੀਗੋ ਫਲਾਈਟ ‘ਚ ਆਈ ਤਕਨੀਕੀ ਖਰਾਬੀ, 236 ਲੋਕਾਂ ਦੀ ਬਚੀ ਜਾਨ
ਮੰਗਲੁਰੂ: ਸੋਮਵਾਰ ਨੂੰ ਮੰਗਲੁਰੂ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਆਪਣਾ ਟੇਕ-ਆਫ ਰੱਦ ਕਰਨਾ ਪਿਆ। ਇੰਡੀਗੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 229 ਯਾਤਰੀਆਂ ਅਤੇ ਸੱਤ ਕਰੂ ਮੈਂਬਰਾਂ ਨਾਲ ਭਰਿਆ ਇਹ ਜਹਾਜ਼ ਸੁਰੱਖਿਅਤ ਪਾਰਕਿੰਗ ਬੇਅ ਵਿੱਚ ਵਾਪਸ ਲਿਆਂਦਾ ਗਿਆ। 16 ਨਵੰਬਰ ਦੀ ਉਡਾਣ 6E 388 ਵਿੱਚ ਉਡਾਣ ਭਰਨ ਤੋਂ ਪਹਿਲਾਂ ਹੀ ਨੁਕਸ ਦਾ ਪਤਾ ਲੱਗ ਗਿਆ ਸੀ, ਜਿਸ ਤੋਂ ਬਾਅਦ ਪਾਇਲਟ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਦੀ ਪਾਲਣਾ ਕਰਦੇ ਹੋਏ ਜਹਾਜ਼ ਨੂੰ ਰੋਕ ਲਿਆ। ਯਾਤਰੀਆਂ ਦੀ ਸਹੂਲਤ ਲਈ ਇੱਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਅਤੇ ਲੋੜ ਪੈਣ 'ਤੇ ਰਿਫੰਡ ਅਤੇ ਹੋਟਲ ਦੀ ਸਹੂਲਤ ਵੀ ਦਿੱਤੀ ਗਈ।
ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇੱਕ ਹੋਰ ਘਟਨਾ ਵਿੱਚ ਪੁਣੇ ਤੋਂ ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਪੁਣੇ ਏਅਰਪੋਰਟ 'ਤੇ ਵਾਪਸ ਪਰਤਣਾ ਪਿਆ। ਟੇਕ-ਆਫ ਤੋਂ ਤੁਰੰਤ ਬਾਅਦ ਜਹਾਜ਼ ਦਾ ਲੈਂਡਿੰਗ ਗੀਅਰ ਅੰਦਰ ਨਹੀਂ ਜਾ ਸਕਿਆ। ਪਾਇਲਟ ਦੀ ਸੂਚਨਾ ਤੋਂ ਬਾਅਦ ਹਵਾਈ ਸੈਨਾ (IAF) ਨੇ 'ਫੁੱਲ ਐਮਰਜੈਂਸੀ' ਐਲਾਨ ਦਿੱਤੀ। ਹਾਲਾਂਕਿ, ਸਵੇਰੇ 9:04 ਵਜੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ ਅਤੇ ਜਹਾਜ਼ ਵਿੱਚ ਸਵਾਰ ਸਾਰੇ 192 ਯਾਤਰੀ ਸੁਰੱਖਿਅਤ ਬਚ ਗਏ।



