ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ: ਸੁਬੋਧ ਉਨਿਆਲ
ਸ਼ਿਮਲਾ:-ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵਿਚਾਲੇ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਪਹਿਲਾਂ ਗਾਇਕ ਮੀਕਾ
ਸਿੰਘ ਦੀ ਟੀਮ ਨੇ ਦਾਅਵਾ ਕੀਤਾ ਸੀ ਕਿ ਮੰਤਰੀ ਨੇ ਫ਼ੋਨ 'ਤੇ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗ ਲਈ ਹੈ। ਹਾਲਾਂਕਿ, ਸੋਮਵਾਰ ਰਾਤ ਨੂੰ ਸਾਹਮਣੇ ਆਈ ਰਿਪੋਰਟ ਮੁਤਾਬਕ ਮੰਤਰੀ
ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਮੁਆਫ਼ੀ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਸਾਹਮਣੇ
ਆਏ ਹਨ।ਇਸ ਤੋਂ ਪਹਿਲਾਂ ਮੀਕਾ ਸਿੰਘ ਦੀ ਟੀਮ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸੁਬੋਧ ਉਨਿਆਲ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗੀ ਹੈ।
ਟੀਮ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਕਲਾਕਾਰਾਂ ਦੇ ਸਨਮਾਨ ਅਤੇ ਮਾਣ-ਮਰਿਆਦਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਟੀਮ ਨੇ ਉਮੀਦ ਜਤਾਈ ਸੀ
ਕਿ ਹੁਣ ਇਸ ਵਿਵਾਦ ਨੂੰ ਪਿੱਛੇ ਛੱਡ ਕੇ ਸਾਰੇ ਆਪਸੀ ਸਤਿਕਾਰ ਨਾਲ ਅੱਗੇ ਵਧਣਗੇ।ਉਨਿਆਲ ਨੇ ਉਨ੍ਹਾਂ ਰਿਪੋਰਟਾਂ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ
ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗੇ ਜਾਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਕਿ ਜੇ ਗਾਇਕ ਦੀ ਸਿਹਤ ਠੀਕ ਨਹੀਂ ਸੀ ਤਾਂ ਉਨ੍ਹਾਂ ਨੂੰ ਜਾਂ ਤਾਂ ਆਪਣੀ ਪੇਸ਼ਕਾਰੀ ਰੱਦ
ਕਰ ਦੇਣੀ ਚਾਹੀਦੀ ਸੀ ਜਾਂ ਫਿਰ ਪਹਿਲਾਂ ਹੀ ਪ੍ਰਬੰਧਕਾਂ ਅਤੇ ਦਰਸ਼ਕਾਂ ਨੂੰ ਆਪਣੀ ਸਿਹਤ ਬਾਰੇ ਦੱਸ ਦੇਣਾ ਚਾਹੀਦਾ ਸੀ।
