ਬਲਵਿੰਦਰ ਕੌਰ ਖਹਿਰਾ, ਖਡੂਰ ਸਾਹਿਬ : ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਨਵਤੇਜ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਅਧੀਨ ਆਉਂਦੇ ਪਿੰਡ ਚੱਕ ਕਰੇ ਖਾਂ ਹਾਟ ਸਪਾਟ ਵਿਖੇ ਸੀਆਰਐੱਮ ਸਕੀਮ ਤੇ ਆਈਈਸੀ ਐਕਟੀਵਿਟੀ ਸਬੰਧੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ‘ਚ ਹੀ ਪ੍ਰਬੰਧਨ ਕਰਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ।
ਇਸ ਸਮੇਂ ਡਾ. ਨਵਤੇਜ ਸਿੰਘ ਵੱਲੋਂ ਕਿਸਾਨਾਂ ਨੂੰ ਸੰਬੋਧਨ ਹੁੰਦੇ ਹੋਏ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ। ਉਨਾਂ੍ਹ ਇੰਨਸਿਟੂ ਤੇ ਐਕਸਸਿਟੂ ਵਿਧੀ ਰਾਹੀਂ ਪਰਾਲੀ ਦਾ ਖੇਤ ‘ਚ ਹੀ ਪ੍ਰਬੰਧਨ ਕਰਨ ਦੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਸੁਖਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੱਲੋਂ ਪਰਾਲੀ ਦੇ ਧੂੰਏਂ ਨਾਲ ਜਨਜੀਵਨ ‘ਤੇ ਪੈਂਦੇ ਮਾੜੇ ਪ੍ਰਭਾਵ, ਖੇਤੀ ਤੱਤਾਂ ਦੇ ਨੁਕਸਾਨ ਦੇ ਨਾਲ ਪਰਾਲੀ ਨੂੰ ਖੇਤ ‘ਚ ਵਾਹੁਣ ਨਾਲ ਹੋਣ ਵਾਲੇ ਕਿਸਾਨੀ ਨੂੰ ਅਣਗਿਣਤ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਜਸਪਾਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੱਲੋਂ ਪਰਾਲੀ ਨੂੰ ਜਲਾਉਣ ਤੇ ਹੋਣ ਵਾਲੀ ਪ੍ਰਸ਼ਾਸਨਿਕ ਕਾਰਵਾਈ ਤੇ ਪੀਐੱਮ ਕਿਸਾਨ ਨਿਧੀ ਸਕੀਮ, ਆਈ ਖੇਤ ਐਪ ਬਾਰੇ ਜਾਣਕਾਰੀ ਦੇ ਨਾਲ਼ ਹੋਰ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਜਿਵੇਂ ਐੱਸਐੱਮਐੱਸ ਵਾਲੀਆਂ ਕੰਬਾਈਨਾਂ, ਮਲਚਰ, ਬੇਲਰ , ਸਰਫੇਸ ਸੀਡਰ ਆਦਿ ਦੀ ਵੱਧ ਤੋ ਵੱਧ ਵਰਤੋਂ ਕਰਨ ਲਈ ਕਿਹਾ ਤਾਂ ਜੋ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਇਸ ਸਮੇਂ ਕਮਲਜੀਤ ਕੌਰ ਏਟੀਐੱਮ ਵੱਲੋਂ ਆਤਮਾ ਸਕੀਮ ਅਧੀਨ ਚੱਲਣ ਵਾਲੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਸਾਜਨਦੀਪ ਸਿੰਘ ਬਾਸਮਤੀ ਸੁਪਰਵਾਈਜ਼ਰ ਵੱਲੋਂ ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਅਵਤਾਰ ਸਿੰਘ, ਮਨੋਹਰ ਲਾਲ, ਖੇਤੀਬਾੜੀ ਇੰਸਪੈਕਟਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ, ਤਿੰਨ ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।



