ਜਾਗਰਣ ਸੰਵਾਦਦਾਤਾ, ਮੁੰਬਈ : ਦੇਸ਼ ਦੇ 11 ਸੂਬਿਆਂ ਦੇ 17 ਸ਼ਹਿਰਾਂ ’ਚ ਲੱਖਾਂ ਦਰਸ਼ਕਾਂ ਨੂੰ ਵਿਸ਼ਵ ਸਿਨੇਮਾ ਤੋਂ ਜਾਣੂ ਕਰਾਉਣ ਤੋਂ ਬਾਅਦ ਜਾਗਰਣ ਫਿਲਮ ਫੈਸਟੀਵਲ ਆਪਣੇ ਆਖ਼ਰੀ ਪੜਾਅ ’ਤੇ ਮੁੰਬਈ ਪਹੁੰਚ ਚੁੱਕਾ ਹੈ। ਵੀਰਵਾਰ ਨੂੰ ਮੁੰਬਈ ’ਚ ਚਾਰ ਦਿਨਾ ਜਾਗਰਣ ਫਿਲਮ ਫੈਸਟੀਵਲ (12 ਤੋਂ 15 ਅਕਤੂਬਰ) ਦੀ ਸ਼ੁਰੂਆਤ ਆਸਟ੍ਰੀਅਨ ਡਾਇਰੈਕਟਰ ਡੇਵਿਡ ਵੈਗਨਰ ਦੀ ਫਿਲਮ ‘ਐਸਮਾਇਰ’ ਤੋਂ ਹੋਵੇਗੀ। ਇਸ ਮੌਕੇ ਸਿਨੇਮਾ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ’ਚ ਹਿੱਸਾ ਲੈਣਗੇ ਸੀਨੀਅਰ ਫਿਲਮਕਾਰ ਅਨੀਸ ਬਜ਼ਮੀ, ਡੀ ਕੇ, ਰਾਜ ਤੇ ਅਮਿਤ ਰਾਏ। ਫਿਲਮ ਫੈਸਟੀਵਲ ਦੇ ਪਹਿਲੇ ਦਿਨ ਦੀ ਖਿੱਚ ਹੋਣਗੀਆਂ ਭੂਮੀ ਪੇਡਨੇਕਰ ਦੀ ਫਿਲਮ ‘ਥੈਂਕਯੂ ਫਾਰ ਕਮਿੰਗ’, ਡਾਇਰੈਕਟਰ ਸੁਦੀਸ਼ ਕਨੌਜੀਆ ਦੀ ਫਿਲਮ ‘ਲਵਾਸਤ’, ਸੰਜੇ ਮਿਸ਼ਰ ਦੀ ਫਿਲਮ ‘ਕੁਸੁਮ ਕਾ ਭਾਗਿਆ’ ਤੇ ਈਰਾਨੀ ਫਿਲਮਕਾਰ ਮੇਹਰਾਨ ਸ਼ੀਰੀ ਦੀ ਬਹੁਚਰਚਿਤ ਫਿਲਮ ‘ਮਾਸ਼ਾ ਲਾਫਡ’। ਜਾਗਰਣ ਫਿਲਮ ਫੈਸਟੀਵਲ ਦੀ ਖ਼ਾਸੀਅਤ ਹੈ ਕਿ ਇਸ ਵਿਚ ਸਿਨੇਮੇ ਦੀਆਂ ਵੱਖ-ਵੱਖ ਕਿਸਮਾਂ- ਫੀਚਰ ਫਿਲਮ, ਸ਼ਾਰਟਸ ਦੇ ਨਾਲ ਡਾਕੂਮੈਂਟਰੀ ਨੂੰ ਸ਼ਾਮਲ ਕੀਤਾ ਜਾਂਦਾ ਹੈ। ਗੰਭੀਰ ਵਿਸ਼ਿਆਂ ਨੂੰ ਉਠਾਉਂਦੀ ਹਾਰਦਿਕ ਸ਼ਾਹ ਦੀ ਸ਼ਾਰਟ ਫਿਲਮ ‘ਸੁਸਾਇਡ’ ਤੇ ਦਿਵਿਆਂਸ਼ ਪੰਡਤ ਦੀ ਸ਼ਾਰਟ ਫਿਲਮ ਪਿੰਡ ਦਾਨ’ ਤੋਂ ਇਲਾਵਾ ਡਾਇਰੈਕਟਰ ਮਾਇਆ ਚੰਦਰਾ ਦੀ ਡਾਕੂਮੈਂਟਰੀ ‘ਦਿ ਸਾਗਾ ਆਫ ਏ ਬ੍ਰੇਵ ਹਾਰਟ’ ਦੇ ਨਾਲ ਹੀ ਤੇਲਗੂ, ਮਲਿਆਲਮ, ਮਰਾਠੀ ਸਮੇਤ ਕਈ ਭਾਰਤੀ ਭਾਸ਼ਾਵਾਂ ਦੀਆਂ ਬਿਹਤਰੀਨ ਫਿਲਮਾਂ ਵੀ ਫਿਲਮ ਫੈਸਟੀਵਲ ’ਚ ਦਿਖਾਈਆਂ ਜਾਣਗੀਆਂ।

ਫਿਲਮ ਫੈਸਟੀਵਲ ਦੇ ਦੂਜੇ ਦਿਨ 13 ਅਕਤੂਬਰ ਨੂੰ ਡਾਇਰੈਕਟਰ ਮਨੀਸ਼ ਤਿਵਾੜੀ ਦੀ ਫਿਲਮ ‘ਚਿੜ੍ਹੀਆਖਾਨਾ’, ਡਾਇਰੈਕਟਰ ਵਿਸ਼ਨੂੰ ਵਰਧਨ ਦੀ ਫਿਲਮ ‘ਸ਼ੇਰਸ਼ਾਹ’, ਡਾਇਰੈਕਟਰ ਪ੍ਰਵੀਨ ਮੋਰਛਲੇ ਦੀ ਫਿਲਮ ‘ਸਰ ਮੈਡਮ ਸਰਪੰਚ’ ਸਮੇਤ ਭਾਰਤੀ ਤੇ ਵਿਦੇਸ਼ੀ ਫਿਲਮਕਾਰਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਇਸੇ ਦਿਨ ਈਰਾਨੀ ਫਿਲਮਕਾਰ ਮਸੂਦ ਤਹਿਮਸਾਬੀ ਦੀ ਫਿਲਮ ‘ਨੋਬਨੀ ਆਸਵਡ’ ਦਾ ਵਿਸ਼ਵ ਪ੍ਰੀਮੀਅਰ ਕੀਤਾ ਜਾਵੇਗਾ। 14 ਅਕਤੂਬਰ ਨੂੰ ਜਾਗਰਣ ਫਿਲਮ ਫੈਸਟੀਵਲ ਦਾ ਖਾਸ ਖਿੱਚ ਹੋਣਗੀਆਂ ਡਾਇਰੈਕਟਰ ਵਿਵੇਕ ਅੰਚਲੀਆ ਦੀ ਫਿਲਮ ‘ਤਿਕੜਮ’, ਫਿਲਮਕਾਰ ਸਤੀਸ਼ ਕੌਸ਼ਿਕ ਦੀ ਫਿਲਮ ‘ਕਾਗਜ਼’ ਤੇ ਯਸ਼ ਚੋਪੜਾ ਦੀ ਫਿਲਮ ‘ਲਮਹੇਂ’ ਜਦਕਿ ਸਿਨੇਮਾ ਨਾਲ ਜੁੜੇ ਵੱਖ-ਵੱਖ ਨੁਕਤਿਆਂ ’ਤੇ ਚਰਚਾ ’ਚ ਹਿੱਸਾ ਲੈਣਗੇ ਬੌਬੀ ਦਿਓਲ ਤੇ ਪੁਲਕਿਤ ਸਮਰਾਟ। ਫਿਲਮੀ ਦੁਨੀਆ ਦੀਆਂ ਚਰਚਿਤ ਹਸਤੀਆਂ ਦੀ ਮੌਜੂਦਗੀ ’ਚ 15 ਅਕਤੂਬਰ ਨੂੰ ਜਾਗਰਣ ਫਿਲਮ ਫੈਸਟੀਵਲ ਦੀ ਸਮਾਪਤੀ ਡਾਇਰੈਕਟਰ ਮਨੀਸ਼ ਮੁੰਦਰਾ ਦੀ ਫਿਲਮ ‘ਸੀਆ’ ਤੇ ਬ੍ਰਾਜ਼ੀਲ ਦੇ ਫਿਲਮਕਾਰ ਡੇਨੀਅਲ ਬੰਦੇਰਾ ਦੀ ਫਿਲਮ ‘ਪ੍ਰਾਪਰਟੀ’ ਨਾਲ ਹੋਵੇਗੀ।