Skip to content
Friday, October 30, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਹੈਰੀ ਬੈਂਸ KPU ਦੇ ਨਵੇਂ ਚਾਂਸਲਰ ਨਿਯੁਕਤ 19 ਸਾਲ ਵਿਧਾਇਕ ਅਤੇ ਲੇਬਰ ਮੰਤਰੀ ਵਜੋਂ ਨਿਭਾਈਆਂ ਅਹਿਮ ਸੇਵਾਵਾਂ

By Admin Published 3 min read

ਸਰੀ (ਹਰਦਮ ਮਾਨ) — ਮਜ਼ਦੂਰ ਹੱਕਾਂ ਦੇ ਆਗੂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਵਿਧਾਇਕ ਹੈਰੀ ਬੈਂਸ ਨੂੰ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ (KPU) ਦਾ ਨਵਾਂ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਮਹੀਨੇ ਯੂਨੀਵਰਸਿਟੀ ਦੇ ਰਸਮੀ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਚਾਂਸਲਰ ਵਜੋਂ ਉਹ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਦੀ ਰਸਮੀ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ।

ਹੈਰੀ ਬੈਂਸ 2005 ਤੋਂ 2024 ਤੱਕ ਸਰੀ-ਨਿਊਟਨ ਹਲਕੇ ਦੇ ਵਿਧਾਇਕ ਰਹੇ। ਉਹ 2017 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਵਿੱਚ ਲੇਬਰ ਮੰਤਰੀ ਬਣੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਘੱਟੋ-ਘੱਟ ਉਜਰਤ ਵਿੱਚ ਵਾਧਾ ਕੀਤਾ ਗਿਆ, ਬਹੁਤੇ ਕਾਮਿਆਂ ਲਈ ਸਾਲਾਨਾ ਪੰਜ ਦਿਨਾਂ ਦੀ ਤਨਖ਼ਾਹ ਸਮੇਤ ਬਿਮਾਰੀ ਦੀ ਛੁੱਟੀ ਦਾ ਪ੍ਰਬੰਧ ਕੀਤਾ ਗਿਆ ਅਤੇ ਟਰੇਡ ਯੂਨੀਅਨਾਂ ਵਿੱਚ ਸ਼ਾਮਲ ਹੋਣ ਦੇ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਲਈ ਕਦਮ ਚੁੱਕੇ ਗਏ। ਉਨ੍ਹਾਂ ਨੇ ਜ਼ਖ਼ਮੀ ਕਾਮਿਆਂ ਦੇ ਹੱਕਾਂ ਅਤੇ ਕਾਰਜ ਸਥਾਨਾਂ ’ਤੇ ਸੁਰੱਖਿਆ ਨੂੰ ਵੀ ਤਰਜੀਹ ਦਿੱਤੀ।

1971 ਵਿੱਚ ਭਾਰਤ ਤੋਂ ਕੈਨੇਡਾ ਆਏ ਬੈਂਸ ਨੇ ਵੈਨਕੂਵਰ ਦੀ ਇੱਕ ਆਰਾ ਮਿੱਲ ਵਿੱਚ ਕੰਮ ਕਰਦਿਆਂ ਮਜ਼ਦੂਰ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ ਸਟੀਲਵਰਕਰਜ਼-IWA ਕੈਨੇਡਾ ਲੋਕਲ 2171 ਦੇ ਅਧਿਕਾਰੀ ਚੁਣੇ ਗਏ ਅਤੇ 15 ਸਾਲ ਯੂਨੀਅਨ ਦੇ ਵੱਖ-ਵੱਖ ਆਗੂ ਅਹੁਦਿਆਂ ’ਤੇ ਰਹੇ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਛੇ ਸਾਲ KPU ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਵੀ ਰਹੇ, ਜਿਨ੍ਹਾਂ ਵਿੱਚ ਤਿੰਨ ਸਾਲ ਉਪ-ਚੇਅਰਮੈਨ ਵਜੋਂ ਸੇਵਾ ਨਿਭਾਈ।

ਆਪਣੀ ਨਿਯੁਕਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਅਜਿਹੀ ਸੰਸਥਾ ਦੀ ਸੇਵਾ ਕਰਨ ਲਈ ਉਤਸ਼ਾਹਿਤ ਹਨ, ਜਿਸ ਦਾ ਉਹ ਲੰਮੇ ਸਮੇਂ ਤੋਂ ਸਤਿਕਾਰ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ KPU ਭਵਿੱਖ ਦੇ ਆਗੂਆਂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਨਾਗਰਿਕਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਯੂਨੀਵਰਸਿਟੀ ਦੀ ਪ੍ਰਧਾਨ ਅਤੇ ਅੰਤਰਿਮ ਵਾਈਸ-ਚਾਂਸਲਰ ਡਾ. ਡਾਇਨ ਪਰਵੀ ਨੇ ਕਿਹਾ ਕਿ ਹੈਰੀ ਬੈਂਸ ਦਹਾਕਿਆਂ ਤੋਂ KPU ਦੇ ਮਿੱਤਰ ਅਤੇ ਸਮਰਥਕ ਰਹੇ ਹਨ। ਉਨ੍ਹਾਂ ਨੇ ਬੋਰਡ ਵਿੱਚ ਸੇਵਾ ਕਰਨ ਤੋਂ ਲੈ ਕੇ ਵਿਧਾਇਕ ਵਜੋਂ ਆਪਣੇ ਕਾਰਜਕਾਲ ਅਤੇ ਸਿਆਸਤ ਤੋਂ ਹਟਣ ਮਗਰੋਂ ਵੀ ਯੂਨੀਵਰਸਿਟੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਰਾਹੀਂ ਸੰਸਥਾ ਨਾਲ ਆਪਣਾ ਨਾਤਾ ਬਣਾਈ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਹੈਰੀ ਬੈਂਸ ਨੂੰ 2025 ਵਿੱਚ KPU ਵੱਲੋਂ ਕਾਨੂੰਨ ਦੇ ਖੇਤਰ ਵਿੱਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਸੀ। 2008 ਵਿੱਚ ਪੌਲੀਟੈਕਨਿਕ ਯੂਨੀਵਰਸਿਟੀ ਦਾ ਦਰਜਾ ਹਾਸਲ ਕਰਨ ਤੋਂ ਬਾਅਦ ਉਹ KPU ਦੇ ਚੌਥੇ ਚਾਂਸਲਰ ਬਣੇ ਹਨ। ਉਹ ਇਸ ਅਹੁਦੇ ’ਤੇ ਤਸਵਾਸਨ ਫ਼ਸਟ ਨੇਸ਼ਨ ਦੀ ਸਾਬਕਾ ਚੁਣੀ ਹੋਈ ਮੁਖੀ ਕਿਮ ਬੇਅਰਡ ਦੀ ਥਾਂ ਲੈਣਗੇ, ਜਿਨ੍ਹਾਂ ਨੇ ਅਕਤੂਬਰ 2020 ਵਿੱਚ ਆਪਣਾ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp