ਆਨਲਾਈਨ ਡੈਸਕ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਫੰਡ ਨੂੰ ਪ੍ਰੋਵੀਡੈਂਟ ਫੰਡ ਜਾਂ ਪੀਐੱਫ ਵੀ ਕਿਹਾ ਜਾਂਦਾ ਹੈ। ਸੇਵਾਮੁਕਤੀ ਤੋਂ ਬਾਅਦ ਵੀ ਆਮਦਨ ਜਾਰੀ ਰੱਖਣ ਲਈ ਇਹ ਸਭ ਤੋਂ ਪ੍ਰਸਿੱਧ ਸਕੀਮ ਹੈ। ਕਰਮਚਾਰੀ ਹਰ ਮਹੀਨੇ ਆਪਣੀ ਤਨਖਾਹ ਦਾ 12 ਫ਼ੀਸਦੀ ਇਸ ਫੰਡ ਵਿੱਚ ਜਮ੍ਹਾ ਕਰਵਾਉਂਦੇ ਹਨ। ਕਰਮਚਾਰੀ ਦੇ ਨਾਲ ਹੀ ਕੰਪਨੀ ਦੁਆਰਾ ਵੀ 12 ਫ਼ੀਸਦੀ ਦਾ ਯੋਗਦਾਨ ਦਿੱਤਾ ਜਾਂਦਾ ਹੈ। ਇਸ ਫੰਡ ਵਿੱਚ ਜਮ੍ਹਾਂ ਰਾਸ਼ੀ ‘ਤੇ ਸਰਕਾਰ ਵੱਲੋਂ ਵਿਆਜ ਵੀ ਦਿੱਤਾ ਜਾਂਦਾ ਹੈ।

ਆਮਦਨ ਕਰ ਵਿਭਾਗ ਬੈਂਕ ਅਕਾਊਂਟ ਤੋਂ ਪ੍ਰਾਪਤ ਆਮਦਨ ਜਿਵੇਂ ਵਿਆਜ, ਮਕਾਨ ਦਾ ਕਿਰਾਇਆ ਆਦਿ ‘ਤੇ ਟੈਕਸ ਇਕੱਠਾ ਕਰਦਾ ਹੈ। ਠੀਕ ਇਸੇ ਤਰ੍ਹਾਂ ਪੀਐੱਫ ਖਾਤੇ ਵਿੱਚ ਜਮ੍ਹਾ ਰਕਮ ‘ਤੇ ਵੀ ਟੈਕਸ ਲੱਗਦਾ ਹੈ। EPF ਅਕਾਊਂਟ ਤੋਂ ਹੋਣ ਵਾਲੀ ਕਮਾਈ ‘ਤੇ ਕਈ ਵੱਖ-ਵੱਖ ਸਥਿਤੀਆਂ ਵਿੱਚ ਟੈਕਸ ਲਗਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ PF ਤੋਂ ਪੈਸੇ ਕੱਢਵਾਉਣ ‘ਤੇ ਟੈਕਸ ਕਦੋਂ ਲੱਗਦਾ ਹੈ?

EPF ਅਕਾਊਂਟ ਦੇ ਨਿਯਮ

ਈਪੀਐੱਫ ਨਿਯਮਾਂ ਅਨੁਸਾਰ ਜਦੋਂ ਵੀ ਕੋਈ ਕਰਮਚਾਰੀ ਪੀਐੱਫ ਫੰਡ ਵਿੱਚੋਂ ਪੈਸੇ ਕਢਾਉਂਦਾ ਹੈ ਤਾਂ ਉਸਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਪੀਐੱਫ ਫੰਡ ਵਿੱਚੋਂ ਪੂਰੀ ਰਕਮ ਰਿਟਾਇਰਮੈਂਟ ਤੋਂ ਬਾਅਦ ਹੀ ਕੱਢਵਾਈ ਜਾ ਸਕਦੀ ਹੈ। ਈਪੀਐੱਫਓ ਨੇ ਇਸ ਲਈ 55 ਸਾਲ ਨਿਰਧਾਰਤ ਕੀਤੇ ਹਨ। ਕੋਈ ਵੀ ਕਰਮਚਾਰੀ ਰਿਟਾਇਰਮੈਂਟ ਤੋਂ ਪਹਿਲਾਂ ਪੀਐੱਫ ਫੰਡ ਵਿੱਚੋਂ ਸਿਰਫ 90 ਪ੍ਰਤੀਸ਼ਤ ਰਕਮ ਹੀ ਕੱਢਵਾ ਸਕਦਾ ਹੈ।

ਉੱਥੇ ਹੀ ਜੇ ਕਿਸੇ ਵਿਅਕਤੀ ਦੀ ਨੌਕਰੀ ਚਲੀ ਗਈ ਹੈ ਤਾਂ ਉਹ ਪਹਿਲੀ ਵਾਰ ਪੀਐੱਫ ਫੰਡ ਵਿੱਚੋਂ 75 ਫ਼ੀਸਦੀ ਤੇ ਦੂਜੀ ਵਾਰ ਪੂਰੀ ਰਕਮ ਕੱਢਵਾ ਸਕਦਾ ਹੈ। ਸਾਰੇ ਕਰਮਚਾਰੀਆਂ ਨੂੰ ਇਹ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਪੀਐੱਫ ਫੰਡ ਵਿੱਚੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ। ਇਸ ਨਾਲ ਹੀ ਕੁਝ ਸ਼ਰਤਾਂ ਦੇ ਨਾਲ ਹੀ ਪੀਐੱਫ ਫੰਡ ਤੋਂ ਨਿਕਾਸੀ ਕੀਤੀ ਜਾ ਸਕਦੀ ਹੈ।

EPF ਤੋਂ ਪੈਸੇ ਕੱਢਵਾਉਣ ‘ਤੇ ਕਦੋਂ ਲੱਗਦਾ ਹੈ ਟੈਕਸ

ਜੇਕਰ ਅਸੀਂ ਗੱਲ ਕਰੀਏ ਕਿ EPF ਖਾਤੇ ‘ਤੇ ਕਦੋਂ ਟੈਕਸ ਲੱਗਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ EPF ਖਾਤੇ ‘ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਇਨਕਮ ਟੈਕਸ ਐਕਟ 80C ਦੇ ਤਹਿਤ ਟੈਕਸ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ। ਜੇਕਰ ਕਰਮਚਾਰੀ ਦੇ ਯੋਗਦਾਨ ਜਾਂ ਕਿਸੇ ਹੋਰ ਸਰੋਤ ਤੋਂ ਆਮਦਨ ‘ਤੇ ਪ੍ਰਾਪਤ ਵਿਆਜ ਟੈਕਸਯੋਗ ਹੈ ਤਾਂ ਇਸ ‘ਤੇ ਟੈਕਸ ਲੱਗਦਾ ਹੈ।

ਇਸ ਤੋਂ ਇਲਾਵਾ ਕੰਪਨੀ ਦੁਆਰਾ ਕੀਤੇ ਗਏ ਯੋਗਦਾਨ ਤੇ ਇਸ ‘ਤੇ ਮਿਲਣ ਵਾਲਾ ਵਿਆਜ ਵੀ ਪੂਰੀ ਤਰ੍ਹਾਂ ਟੈਕਸਯੋਗ ਹੈ। ਜੇਕਰ ਕੋਈ ਕਰਮਚਾਰੀ ਕਿਸੇ ਕੰਪਨੀ ਵਿੱਚ 5 ਸਾਲਾਂ ਤੱਕ ਕੰਮ ਕਰਨ ਤੋਂ ਪਹਿਲਾਂ ਪੀਐੱਫ ਫੰਡ ਵਿੱਚੋਂ ਪੈਸੇ ਕਢਾਉਂਦਾ ਹੈ ਤਾਂ ਟੀਡੀਐੱਸ ਕੱਟਿਆ ਜਾਂਦਾ ਹੈ। ਇਸ ਨਾਲ ਹੀ ਜੇਕਰ ਉਹ ਕਿਸੇ ਕੰਪਨੀ ਵਿੱਚ 5 ਸਾਲ ਤੱਕ ਕੰਮ ਕਰਦਾ ਹੈ ਤੇ ਉਸ ਤੋਂ ਬਾਅਦ ਪੀਐੱਫ ਫੰਡ ਵਿੱਚੋਂ ਪੈਸੇ ਕਢਾਉਂਦਾ ਹੈ ਤਾਂ ਉਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਕੱਟਿਆ ਜਾਂਦਾ ਹੈ।