ਸੁਨੀਲ ਕੁਮਾਰ ਭੱਟੀ, ਡੇਰਾਬੱਸੀ
ਡੇਰਾਬੱਸੀ ਬਰਵਾਲਾ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰ ਦੇ ਲੋਕਾਂ ਨੇ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਪ੍ਰਰਾਈਵੇਟ ਕੰਪਨੀਆਂ ਲਈ ਬਿਜਲੀ ਗਰਿੱਡ ਲਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਲੋਕਾਂ ਨੇ ਬੀਡੀਪੀਓ ਡੇਰਾਬੱਸੀ ਨੂੰ ਇਕ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਸਮੇਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਐਕਵਾਇਰ ਕਰ ਕੇ ਪ੍ਰਰਾਈਵੇਟ ਕੰਪਨੀਆਂ ਲਈ ਬਿਜਲੀ ਗਰਿੱਡ ਲਗਾਉਣ ਦੀ ਤਜਵੀਜ਼ ਰੱਦ ਕੀਤੀ ਜਾਵੇ।
ਪਿੰਡ ਭਗਵਾਨਪੁਰ ਦੇ ਵਸਨੀਕ ਰਣਜੀਤ ਸਿੰਘ ਰਾਣਾ, ਪਵਨ ਸਿੰਘ ਪੰਚ, ਸੁਰਮੁੱਖ ਸਿੰਘ ਨੰਬਰਦਾਰ, ਕਮਲੇਸ਼ ਕੌਰ ਪੰਚ, ਮਨਿੰਦਰ ਕੌਰ ਪੰਚ, ਕਾਕਾ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ, ਰੋਸ਼ਨ ਲਾਲ, ਸ਼ੇਰ ਸਿੰਘ, ਅਮਨਪ੍ਰਰੀਤ ਸਿੰਘ, ਸੋਮ ਨਾਥ, ਜਸਪਾਲ ਸਿੰਘ, ਹਰਬੰਸ ਸਿੰਘ ਸਮੇਤ ਅਨੇਕਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭਗਵਾਨਪੁਰ ਵਿਖੇ ਪੰਚਾਇਤੀ ਜ਼ਮੀਨ ਬਹੁਤ ਘੱਟ ਤਕਰੀਬਨ 7 ਏਕੜ ਹੈ ਅਤੇ ਪਿੰਡ ਕਾਫੀ ਵੱਡਾ ਹੈ। ਜਿਸ ਜ਼ਮੀਨ ਵਿਚ ਬਿਜਲੀ ਗਰਿੱਡ ਲੱਗ ਰਿਹਾ ਹੈ। ਜਿਸ ਦੇ ਸਬੰਧ ਵਿਚ ਪਿੰਡ ਵਾਸੀ ਅਤੇ ਪੰਚਾਇਤ ਮੈਂਬਰ ਅਤੇ ਲੰਬੜਦਾਰ ਇਕੱਠੇ ਹੋਏ। ਸਾਰੀਆਂ ਨੇ ਰਲ ਕੇ ਇਹ ਫੈਸਲਾ ਕੀਤਾ ਹੈ ਕੀ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ ਬਹੁਤ ਘੱਟ ਹੈ। ਜਿਸ ਵਿਚੋਂ ਸਰਪੰਚ ਅਤੇ ਕੁਝ ਮੈਂਬਰਾਂ ਵੱਲੋਂ ਇਕ ਏਕੜ ਜ਼ਮੀਨ ਬਿਜਲੀ ਗਰਿੱਡ ਫੈਕਟਰੀਆਂ ਵਾਸਤੇ ਦੇਣ ਦੀ ਸਹਿਮਤੀ ਦਿੱਤੀ ਸੀ। ਬਿਜਲੀ ਗਰਿੱਡ ਬਣਨ ਨਾਲ ਬਾਕੀ ਜ਼ਮੀਨ ਵੀ ਬਿਜਲੀ ਟਾਵਰ ਬਣਨ ਕਾਰਨ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਿਕਾਸ ਕਾਰਜਾਂ ਲਈ ਜਿਵੇਂ ਕੀ ਪਿੰਡ ਵਿਚ ਕੋਈ ਵੀ ਖੇਡ ਗਰਾਉਂਡ, ਹਾਈ ਸਕੂਲ, ਪਾਣੀ ਦੀ ਟੈਂਕੀ, ਸਰਕਾਰੀ ਹਸਪਤਾਲ, ਜੰਝ ਘਰ ਅਤੇ ਹੋਰ ਸਾਂਝੇ ਸਮਾਗਮ ਕਰਨ ਲਈ ਕੋਈ ਥਾਂ ਨਹੀਂ ਬਚੇਗੀ ਅਤੇ ਗਰਿੱਡ ਲੱਗਣ ਨਾਲ ਉਨ੍ਹਾਂ ਕੋਲ ਜ਼ਮੀਨ ਵੀ ਨਹੀਂ ਬਚੇਗੀ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਗਰਿੱਡ ਲੱਗਣ ਨਾਲ ਪਿੰਡ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਉਲ਼ਟਾ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ ਘੱਟ ਜਾਵੇਗੀ। ਪੰਜਾਬ ਸਰਕਾਰ ਵੱਡੇ ਸਨਅਤਕਾਰਾਂ ਨੂੰ ਫਾਇਦਾ ਦੇਣ ਲਈ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਬਿਜਲੀ ਗਰਿੱਡ ਲਗਾ ਰਹੀ ਹੈ। ਇਸ ਕਾਰਨ ਸਾਰੇ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ।
ਜਦੋਂ ਇਸ ਬਾਰੇ ਬੀਡੀਪੀਓ ਡੇਰਾਬੱਸੀ ਰਵਨੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਵੱਲੋਂ ਉਨ੍ਹਾਂ ਕੋਲ ਇਸ ਬਿਜਲੀ ਗਰਿੱਡ ਲਈ ਪ੍ਰਪੋਸਲ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨੂੰ ਚਿੱਠੀ ਭੇਜ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਬਿਜਲੀ ਗਰਿੱਡ ਲੱਗੇਗਾ ਤਾਂ ਉਸ ਦਾ ਫਾਇਦਾ ਕੰਪਨੀਆਂ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਬਾਤ ਕਰ ਕੇ ਅਗਲੀ ਕਾਰਵਾਈ ਕਰਨਗੇ।



