Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਦੁਸ਼ਮਣ ਸਿਰ ’ਤੇ ਹੈ, ਕਦੋਂ ਤੱਕ ਆਪੋ ’ਚ ਲੜੀ ਜਾਉਗੇ? ਸਿੱਖੋ…! – ਜਸਪਾਲ ਸਿੰਘ ਹੇਰਾਂ

By uscreative Published 5 min read

ਸਿੱਖੀ ਦੇ ਮੁੱਢਲੇ ਸਿਧਾਂਤਾਂ ’ਚ, ਅਸੂਲਾਂ ’ਚ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’’ ‘‘ਸੇਵਾ ਤੇ ਸਿਮਰਨ’’ ਹੈ ਜਾਂ ਫਿਰ ਧਰਤੀ ’ਤੇ ਹੁੰਦੇ ਹਰ ਜ਼ੋਰ-ਜ਼ਬਰ, ਜ਼ੁਲਮ-ਤਸ਼ੱਦਦ ਨੂੰ ਰੋਕਣਾ। ਦੁਸ਼ਟ ਨੂੰ ਸੋਧਣਾ ਤੇ ਮਜ਼ਲੂਮ ਦੀ ਰਾਖ਼ੀ ਕਰਨਾ ਹੈ। ਸਿੱਖੀ ਇੱਕ ਸਚੁੱਜੀ ਜੀਵਨ ਜਾਂਚ ਹੈ, ਜਿਹੜੀ ਮਨੁੱਖ ਨੂੰ ਪਰਮ ਮਨੁੱਖ ਦਾ ਦਰਜ਼ਾ ਹਾਸਲ ਕਰਵਾਉਣ ’ਚ ਸਹਾਈ ਹੁੰਦੀ ਹੈ। ਸਿੱਖੀ ਬਰਾਬਰੀ ਦਾ, ਮਕੁੰਮਲ ਅਜ਼ਾਦੀ ਦਾ, ਅਧਿਕਾਰ ਦਿੰਦੀ ਹੈ। ਇਸ ਕੌਮ ਦੇ ਭਾਵ ਹਰ ਸਿੱਖ ਦੇ ‘‘ਗੁਰੂ ਗ੍ਰੰਥ ਸਾਹਿਬ’’ ਜੀ ‘‘ਜ਼ਾਹਿਰ ਗੁਰੂ’’ ਹਨ। ਹਰ ਖ਼ਾਲਸੇ ਦੇ ਦਸ਼ਮੇਸ਼ ਪਿਤਾ ‘‘ਪਿਤਾ’’ ਹਨ, ਮਾਤਾ ਸਾਹਿਬ ਕੌਰ ‘‘ਮਾਤਾ’’ ਹਨ ਅਤੇ ਆਨੰਦਪੁਰੀ ਹਰ ਖ਼ਾਲਸੇ ਦੀ ਜਨਮ ਭੂਮੀ ਹੈ, ਪੂਰਾ ਵਿਸ਼ਵ ਖਾਲਸੇ ਦੀ ‘‘ਕਰਮ-ਭੂਮੀ’’ ਹੈ। ਇਸੇ ਲਈ ਦਸ਼ਮੇਸ਼ ਪਿਤਾ ਨੇ ਇਸ ਖਾਲਸੇ ਨੂੰ ‘ਸਿਰਦਾਰੀ’ ਬਖ਼ਸ਼ੀ ਸੀ। ਬਹੁਤ ਹੀ ਸਾਫ਼ ਤੇ ਸਪੱਸ਼ਟ ਜਿਹਾ ਫੈਸਲਾ ਗੁਰੂ ਸਾਹਿਬਾਨ ਵੱਲੋਂ ਕੀਤਾ ਗਿਆ ਹੋਇਆ ਹੈ। ਜਿਸਦਾ ਮੁੱਢਲਾ ਅਰਥ ਇਹ ਹੈ ਕਿ ਅਸੀਂ ‘‘ਇੱਕ ਖਾਲਸਾ ਪਰਿਵਾਰ’’ ਹਾਂ। ਕਲਗੀਧਰ ਦੇ ਧੀਆਂ-ਪੱਤ ਹਾਂ ਅਤੇ ਆਪੋ ਵਿੱਚ ਭੈਣ-ਭਰਾ, ਫ਼ਿਰ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਮੁਗਲਾਂ ’ਚ ਤਾਂ ਭਰਾ-ਮਾਰੂ ਜੰਗ ਹੁੰਦੀ ਰਹੀ ਹੈ ਅਤੇ ਹੋ ਸਕਦੀ ਹੈ, ਪੰਰਤੂ ਕਿਉਂਕਿ ‘ਖਾਲਸਾ’ ਇੱਕ ਪਰਿਵਾਰ ਹੈ, ਇਸ ਲਈ ਉਸ ’ਚ ਭਰਾ-ਮਾਰੂ ਜੰਗ ਲਈ ਕੋਈ ਥਾਂ ਨਹੀਂ। ਖ਼ਾਸ ਕਰਕੇ ‘ਧਰਮ’ ਦੇ ਨਾਮ ’ਤੇ, ਗੁਰਬਾਣੀ ਦੀ ਵਿਆਖਿਆ ਨੂੰ ਲੈ ਕੇ ਤਾਂ ਇਹ ਕਦਾਚਿਤ ਨਹੀਂ ਹੋਣੀ ਚਾਹੀਦੀ। ਸਾਡਾ ਅਨਮੋਲ ਖ਼ਜ਼ਾਨਾ ‘ਗੁਰਬਾਣੀ’ ਹੈ। ਜਿਸਨੂੰ ਅਸੀਂ ਵੰਡ ਨਹੀਂ ਸਕਦੇ। ਭਰਾਵਾਂ ’ਚ ਬਾਪ-ਦਾਦੇ ਦੀ ਵਿਰਾਸਤ ਤੇ ਜਾਇਦਾਦ ਦੀ ਵੰਡ ਨੂੰ ਲੈ ਕੇ ਤਾਂ ਲੜਾਈਆਂ ਹੁੰਦੀਆਂ ਆਈਆਂ ਹਨ ਤੇ ਸ਼ਾਇਦ ਹੁੰਦੀਆਂ ਵੀ ਰਹਿਣਗੀਆਂ। ਪਰੰਤੂ ਜਿੱਥੇ ਵੰਡ ਦੇ ਅਸੀਂ ਸਮਰੱਥ ਹੀ ਨਹੀਂ, ਸਾਡੇ ਅਧਿਕਾਰ ਖੇਤਰ ’ਚ ਹੀ ਨਹੀਂ, ਉਥੇ ‘‘ਭਰਾ-ਮਾਰੂ’’ ਜੰਗ ਕਿਉਂ? ਧਾਰਮਿਕ ਆਗੂਆਂ ਨੇ ਚਾਹੇ ਉਹ ਬਾਬਿਆਂ ਦੇ ਰੂਪ ’ਚ ਹਨ, ਚਾਹੇ ਪ੍ਰਚਾਰਕਾਂ ਦੇ ਰੂਪ ’ਚ, ਚਾਹੇ ਟਕਸਾਲਾਂ ਜਾਂ ਸੰਪਰਦਾਵਾਂ ਦੇ ਮੁੱਖੀਆਂ ਦੇ ਰੂਪ ’ਚ ਉਨਾਂ ਦੇ ਜੁੰਮੇ ਕੌਮ ਨੂੰ ਆਪਣੇ ਵਿਰਸੇ ਪ੍ਰਤੀ ਜਗਾਈ ਰੱਖਣਾ, ਵਿਰਸੇ ਨਾਲ ਜੋੜੀ ਰੱਖਣਾ ਹੈ। ਗੁਰਬਾਣੀ ਤੇ ਸਿੱਖੀ ਸਿਧਾਂਤਾਂ ’ਚ ਮਿਲਾਵਟ ਲਈ ਕੋਈ ਥਾਂ ਨਹੀਂ।
ਸਾਡੇ ਇਸ ਅਨਮੋਲ ਖ਼ਜ਼ਾਨੇ ਨੂੰ ਸੰਨ ਲੱਗਣ ਦਾ ਵੀ ਕੋਈ ਖ਼ਤਰਾ ਨਹੀਂ। ਸਿਰਫ਼ ਇਸ ਜੀਵਨ ਜਾਂਚ ਨੂੰ ਵੱਧ ਤੋਂ ਵੱਧ ਸਿੱਖਾਂ ਤੇ ਆਮ ਮਨੁੱਖਾਂ ਨੂੰ ਦਿ੍ਰੜ ਕਰਵਾਉਣ ਦੀ ਲੋੜ ਹੈ। ਕੌਮ ਨੂੰ ‘‘ਜਾਗਦੇ ਰਹੋ’’ ਦਾ ਹੋਕਾ ਦੇਣ ਵਾਲੇ ‘ਪਹਿਰੇਦਾਰ’ ਜੇ ਆਪੋ ਵਿੱਚੀ ‘‘ਡਾਂਗੋ-ਡਾਂਗੀ’’ ਹੁੰਦੇ ਰਹਿਣ ਤਾਂ ਚੋਰਾਂ ਵੱਲੋਂ ਘਰਾਂ ਨੂੰ ਸੰਨ ਲਾਉਣੀ ਸੌਖੀ ਹੋ ਜਾਂਦੀ ਹੈ। ਇਸ ਸਮੇਂ ਜਦੋਂ ਕੌਮ ਨੂੰ ਚਾਰੇ ਪਾਸਿਆਂ ਤੋਂ ਘੇਰਾ ਪੈ ਚੁੱਕਾ ਹੈ, ਚਾਰੇ ਪਾਸਿਆਂ ਤੋਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਸਮੇਂ ਆਪੋ ’ਚ ਲੜ ਕੇ ਆਪਣੇ-ਆਪ ਨੂੰ ਕਿੰਨੇ ਕੁ ਬਹਾਦਰ ਸਿੱਧ ਕਰ ਸਕਦੇ ਹਾਂ? ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਆਪਣੀ ਜਾਨ ਨਿਛਾਵਰ ਕਰ ਗਿਆ ਹੈ, ਉਸਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ 6 ਦਿਨ ਨਹੀਂ ਹੋ ਸਕਿਆ। ਸਮੇਂ ਦੀਆਂ ਸਰਕਾਰਾਂ ਕੌਮ ’ਚ ਕੁਰਬਾਨੀ ਦੇ ਜਜ਼ਬੇ ਨੂੰ ਪੈਦਾ ਹੀ ਨਹੀਂ ਹੋਣ ਦੇਣਾ ਚਾਹੁੰਦੀਆਂ। ਇਸ ਲਈ ਉਹ ਕੁਰਬਾਨੀ ਨੂੰ ਰੋਲਣ ਦਾ ਯਤਨ ਕਰਦੀਆਂ ਆਈਆਂ ਹਨ ਤੇ ਕਰਦੀਆਂ ਰਹਿਣਗੀਆਂ। ਪਰੰਤੂ ਸਰਕਾਰਾਂ ਦੇ ਜ਼ਾਲਮ ਵਤੀਰੇ ਨੂੰ ਰੋਕੇਗਾ ਕੌਣ? ਕੌਮ ਦਾ ਏਕਾ, ਕੌਮ ਦੀ ਇੱਕਜੁੱਟਤਾ। ਜੇ ਭਾਈ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਕੌਮ ਦੀਆਂ ਸਾਰੀਆਂ ਜਥੇਬੰਦੀਆਂ, ਧਾਰਮਿਕ ਆਗੂ, ਉਸ ਦੀ ਮਿ੍ਰਤਕ ਦੇਹ ਦੇ ਇਰਦ-ਗਿਰਦ ਬੈਠੇ ਕੇ ਭਾਵੇਂ ਸਿਰਫ ‘‘ਸਤਿਨਾਮ-ਵਹਿਗੁਰੂ’’ ਦਾ ਜਾਪ ਹੀ ਕਰਦੇ ਹੁੰਦੇ ਤਾਂ ਉਸ ਜਾਪ ਨੇ ਵੀ ਦਿੱਲੀ ਸਰਕਾਰ ਤੱਕ ਭਾਜੜਾਂ ਪਾ ਦੇਣੀਆਂ ਸਨ। ਕਿਸੇ ਅੜੇ ਐਸ.ਪੀ. ਦੀ ਤਾਂ ਕੀ ਮਜਾਲ ਹੋਣੀ ਸੀ ਕਿ ਉਹ ਸਿੱਖਾਂ ਦੇ ਆਗੂਆਂ ਅੱਗੇ ਅੱਖ ਵੀ ਚੁੱਕ ਜਾਂਦਾ। ਪ੍ਰੰਤੂ ਨਹੀਂ। ਸਾਡੇ ਆਗੂਆਂ ਨੂੰ ਤਾਂ ਆਪਣੀ ਹੳੂਮੈ ਪਿਆਰੀ ਹੈ, ਦੀਵਾਨ ਲਾਉਣੇ ਤੇ ਰੋਕਣੇ ਪਿਆਰੇ ਹਨ, ਮੈਂ-ਮੈਂ ਦਾ ਹੰਕਾਰੀ ਰਾਗ ਅਲਾਪਣਾ ਪਿਆਰਾ ਹੈ, ਦੂਜਿਆਂ ਦੀਆਂ ਪੱਗਾਂ ਲਾਹੁੰਣੀਆਂ ਤੇ ਲੱਤਾਂ ਖਿੱਚਣੀਆਂ ਪਿਆਰੀਆਂ ਹਨ। ਕਿਉਂ? ਅਜਿਹਾ ਕਰਨ ਨਾਲ ਮੇਰੇ ਫ਼ੱਟੇ ਵਾਲੀ ਹੱਟੀ ਵੱਧ ਚੱਲਦੀ ਹੈ। ਕੌਮ ਜਾਵੇ ਢੱਟੇ ਖੂਹ ’ਚ! ਕੌਮੀ ਸਿਧਾਂਤਾਂ ਦਾ ਜਿਨਾਂ ਮਰਜ਼ੀ ਘਾਣ ਹੋਵੇ, ਗੁਰੂ ਸਾਹਿਬ ਦੀ ਬੇਅਦਬੀ ਹੰੁਦੀ ਰਹੇ, ਕੌਮ ਲਈ ਜਾਨ ਨਿਛਾਵਰ ਕਰਨ ਵਾਲਿਆਂ ਦੀਅ ਮਿ੍ਰਤਕ ਦੇਹਾਂ ਰੁਲਦੀਆਂ ਰਹਿਣ, ਸਾਨੂੰ ਕੀ? ਕੌਮ ਦਾ ਕੀ ਹੈ? ਇਹ ਤਾਂ ਚਿੜੀ ਹੈ, ਜਦੋਂ ਮਰਜ਼ੀ ਠੰਡਾ ਪਾਣੀ ਪੀ ਮਰੇ ਜਾਵੇ।
ਸਾਡੀ ਬਲਾ ਨੂੰ! ਸਾਡੀ ਆਤਮਾ ਰੋਂਦੀ ਹੈ, ਕੁਰਲਾਹਟ ਪਾਉਂਦੀ ਹੈ। ਇਸ ਲਈ ਅਸੀਂ ਕੌਮ ਦੇ ਸਾਰੇ ਧਾਰਮਿਕ ਆਗੂਆਂ ਨੂੰ, ਬਾਬਿਆਂ ਨੂੰ, ਸੰਤ ਮਹਾਂਪੁਰਸ਼ਾਂ ਨੂੰ, ਭਾਈ ਸਾਹਿਬਾਨ ਨੂੰ, ਪ੍ਰਚਾਰਕਾਂ ਨੂੰ, ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ, ਟਕਸਾਲਾਂ ਨੂੰ, ਲਹਿਰਾਂ ਨੂੰ, ਅਰਜ਼ੋਈ ਜੋਦੜੀ ਕਰਾਂਗੇ ਕਿ ਜੇ ਤੁਸੀਂ ਆਪਣੇ-ਆਪ ਨੂੰ ਕਲਗੀਧਰ ਦੇ ਪੁੱਤਾਂ-ਧੀਆਂ ਮੰਨਦੇ ਹੋ ਤਾਂ ਉਸ ਦੀ ਗੋਦੀ ’ਚ ਇਕੱਠੇ ਹੋ ਜਾਵੋ। ਸਾਹਮਣੇ ਖੜੇ ਪੰਥਕ ਸੰਕਟ ਦਾ ਮੁਕਾਬਲਾ ਤਾਂ ਇੱਕ ਹੋ ਕੇ ਕਰੀਏ। ਧਾਰਮਿਕ ਦੀਵਾਨਾਂ ਦੀ ਪ੍ਰਵਾਨਗੀ ਜਾਂ ਰੱਦ ਕਰਵਾਉਣ ਲਈ ਸਰਕਾਰ ਅੱਗੇ ਲੇਲੜੀਆਂ ਤਾਂ ਨਾ ਕੱਢਦੇ ਫ਼ਿਰੀਏ। ਤੁਸੀਂ ਤਾਂ ਇਤਿਹਾਸ ਸਿਰਜਣਾ ਸੀ! ਜੇ ਤੁਸੀਂ ਹੀ ਇਤਿਹਾਸ ਦੇ ਦੋਸ਼ੀ ਬਣ ਗਏ, ਫ਼ਿਰ ਕੌਮ ਦਾ ਕੀ ਬਣੇਗਾ? ਨਿੱਜੀ ਹਊਮੈ, ਲਾਲਸਾ ਛੱਡ ਕੇ, ਆਓ! ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ, ਨਿਸ਼ਾਨ ਸਾਹਿਬ ਦੇ ਥੱਲੇ, ਗੁਰਬਾਣੀ ਚਾਨਣ ਦੀ ਸੇਧ ’ਚ ਇਕੱਠੇ ਹੋਈਏ। ਜਦੋਂ ਅਸੀਂ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਲੈ ਲਈ, ਫ਼ਿਰ ਗ਼ਿਲੇ, ਸ਼ਿਕਵੇ, ਸ਼ਿਕਾਇਤਾਂ ਸਭ ਆਪਣੇ-ਆਪ ਦੂਰ ਹੋ ਜਾਣਗੇ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp