ਨਵੀਂ ਦਿੱਲੀ (ਏਜੰਸੀ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਕਿਹਾ ਹੈ ਕਿ ਖਾਣ-ਪੀਣ ਦੀਆਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ, ਜੋ ਕਿ ਜਲਵਾਯੂ ਤਬਦੀਲੀ ਦੀ ਸਮੱਸਿਆ ਵਧਾਉਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹੋ ਜਿਹੇ ਖ਼ੁਰਾਕ ਪਦਾਰਥਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ ਜਿਹੜੇ ਕੁਦਰਤ ਨੂੰ ਨੁਕਸਾਨ ਨਾ ਪਹੁੰਚਾਉਂਦੇ ਹੋਣ। ਰਾਸ਼ਟਰਪਤੀ ਮੁਰਮੂ ਰਾਜਧਾਨੀ ਵਿਚ ਤਿੰਨ ਦਿਨ ਵਰਲਡ ਫੂਡ ਇੰਡੀਆ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿਚ ਬੋਲ ਰਹੇ ਸਨ।

ਉਨ੍ਹਾਂ ਨੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਵਿਆਪਕ ਭੁੱਖ ਦੀ ਸਮੱਸਿਆ ’ਤੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਵੱਡੇ ਪੱਧਰ ’ਤੇ ਭੁੱਖਮਰੀ ਵਧਣ ਦੀ ਵਜ੍ਹਾ ਨੁਕਸ ਭਰਪੂਰ ਸਪਲਾਈ ਹੈ ਕਿਉਂਕਿ ਦੁਨੀਆਂ ਵਿਚ ਕਾਫ਼ੀ ਭੋਜਨ ਦਾ ਉਤਪਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਖਾਂਦੇ ਹਾਂ, ਉਸ ਸਮੇਂ ਚੌਗਿਰਦੇ ਦੀ ਕੀਮਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਪਿਛਲੀਆਂ ਪੀੜ੍ਹੀਆਂ ਨੂੰ ਇਸ ਸੰਦਰਭ ਵਿਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਸੀ। ਖ਼ੁਰਾਕ ਪ੍ਰਾਸੈਸਿੰਗ ਸਨਅਤਾਂ ਦੇ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ ਕਿ ਇਸ ਖੇਤਰ ਵਿਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਕੁਲ ਖੇਤੀ ਨਿਰਯਾਤ ਵਿਚ ਫੂਡ ਪ੍ਰਾਸੈਸਿੰਗ ਦਾ ਯੋਗਦਾਨ 75 ਫ਼ੀਸਦ ਹੈ। ਪਾਰਸ ਨੇ ਅੱਗੇ ਕਿਹਾ ਕਿ ਤਿੰਨ ਦਿਨਾ ਪ੍ਰੋਗਰਾਮ ਦੌਰਾਨ ਲਗਭਗ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤੇ ਦੇ ਪੱਤਰਾਂ ’ਤੇ ਦਸਤਖ਼ਤ ਕੀਤੇ ਗਏ ਹਨ।