ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਗੁਰਮਤਿ ਸੰਗੀਤ ਦੀ ਬਹਾਲੀ ਲਈ ਆਰੰਭੇ ਕਾਰਜਾਂ ਨੂੰ ਹੂ-ਬ-ਹੂ ਨਿਰੰਤਰ ਜਾਰੀ ਰੱਖਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਵੱਲੋਂ 32ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਨਿੱਘੀਆਂ ਤੇ ਮਿੱਠੀਆਂ ਯਾਦਾਂ ਨਾਲ ਅਰਦਾਸ ਉਪਰੰਤ ਸਮਾਪਤੀ ਹੋਈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇ ਕੇਸਗੜ੍ਹ ਸਾਹਿਬ ਵਿਸ਼ੇਸ਼ ਤੌਰ ’ਤੇ ਪਧਾਰੇ। ਅਦੁੱਤੀ ਸੰਗੀਤ ਸੰਮੇਲਨ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਦੇ ਅਨੁਭਵੀ ਪ੍ਰਵਚਨਾਂ ਨੂੰ ਸਰਵਣ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਅਮੀਰ ਸਿੰਘ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਲਈ ਸੇਵਾਵਾਂ ਅਤੇ ਕੌਮ ਵੱਲੋਂ ਬਖ਼ਸ਼ੇ ਸਨਮਾਨ ਦਾ ਜ਼ਿਕਰ ਕਰਦਿਆਂ ਸਿੱਖ ਮੱਤ ਵਿਚ ਰਾਗ ਦੇ ਸਨਮਾਨ ਅਤੇ ਰਾਗ ਦੀ ਵਰਤੋਂ ਸਬੰਧੀ ਵਿਸ਼ਿਆਂ ’ਤੇ ਉਦਾਹਰਨਾਂ ਦੇ ਹਵਾਲਿਆਂ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ’ਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਮੀਲ ਪੱਥਰ ਸਾਬਤ ਹੋਇਆ ਹੈ। ਗਿਆਨੀ ਸੁਲਤਾਨ ਸਿੰਘ ਨੇ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਅਤੇ ਗੁਰਬਾਣੀ ਸੰਥਿਆ ਰਾਹੀਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਇਥੋਂ ਦੇ ਵਿਦਿਆਰਥੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼-ਵਿਦੇਸ਼ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਉਚੇਚਾ ਜ਼ਿਕਰ ਕੀਤਾ।

ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਗੁਰਪ੍ਰੀਤ ਸਿੰਘ ਨੇ ਆਰਤੀ ਦੇ ਨਾਲ-ਨਾਲ ਗਾਉੜੀ ਗੁਆਰੇਰੀ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਨੇ ਰਾਗ ਕਲਿਆਣ ਤੇ ਆਸਾ ਕਾਫੀ, ਭਾਈ ਕੁਲਤਾਰ ਸਿੰਘ ਦਿੱਲੀ ਨੇ ਰਾਗ ਸੋਰਠਿ ਤੇ ਗਾਉੜੀ ਪੂਰਬੀ, ਭਾਈ ਹਰਜੋਤ ਸਿੰਘ ਜ਼ਖਮੀ ਨੇ ਕਾਨੜਾ ਤੇ ਨਟ ਅਤੇ ਭਾਈ ਬਲਜੀਤ ਸਿੰਘ ਦਿੱਲੀ ਵਾਲਿਆਂ ਨੇ ਰਾਗ ਬਿਹਾਗੜਾ ਤੇ ਗਾਉੜੀ ਮਾਝ ’ਚ ਗੁਰਬਾਣੀ ਸ਼ਬਦ ਕੀਰਤਨ ਕੀਤਾ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਚਾਰ ਦਿਨਾਂ ਦੌਰਾਨ ਪੁੱਜੀਆਂ ਸਿੱਖ ਸ਼ਖਸੀਅਤਾਂ, ਨਾਮਵਰ ਸੰਗੀਤਕਾਰਾਂ, ਗੁਰਮਤਿ ਸੰਗੀਤ ਦੇ ਕਦਰਦਾਨਾਂ ਅਤੇ ਜੁੜੀਆਂ ਸ਼ਰਧਾਲੂ ਸੰਗਤਾਂ ਨੇ ਗੁਰਮਤਿ ਸੰਗੀਤ ਅਤੇ ਗੁਰਸ਼ਬਦ ਦੇ ਪ੍ਰਚਾਰ-ਪਸਾਰ-ਪ੍ਰਫੁੱਲਤਾ ਲਈ ਕਾਰਜਸ਼ੀਲ ਰਹਿਣ ਦਾ ਸੰਕਲਪ ਲਿਆ।

ਸਮਾਗਮ ਦੌਰਾਨ ਆਈਆਂ ਸ਼ਖਸੀਅਤਾਂ ਨੂੰ ਜਵੱਦੀ ਟਕਸਾਲ ਵੱਲੋਂ ਸਨਮਾਨ ਚਿੰਨ੍ਹ, ਪੁਸਤਕ ਰਾਗ ਰਤਨ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।