ਸੋਲੋਮਨ ਟਾਪੂ ਨੇ ਆਸਟ੍ਰੇਲੀਆ ਨਾਲ ਕੀਤਾ ਨਵਾਂ ਸੁਰੱਖਿਆ ਸਮਝੌਤਾ, ਵਿਦੇਸ਼ੀ ਫ਼ੌਜੀ ਅੱਡੇ ਦੀ ਸਥਾਪਨਾ ‘ਤੇ ਲਾਈ ਰੋਕ
ਮੈਲਬੌਰਨ: ਆਸਟ੍ਰੇਲੀਆ ਅਤੇ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀਆਂ ਨੇ ਬੁੱਧਵਾਰ ਨੂੰ ਇੱਕ ਅਹਿਮ ਦੁਵੱਲੇ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਖ਼ਬਰਾਂ ਆ ਰਹੀਆਂ ਹਨ ਕਿ ਦੱਖਣੀ ਪ੍ਰਸ਼ਾਂਤ ਦਾ ਇਹ ਟਾਪੂ ਦੇਸ਼ ਚੀਨ ਨਾਲ ਚਾਰ ਸਾਲ ਪਹਿਲਾਂ ਹੋਏ ਆਪਣੇ ਗੁਪਤ ਰੱਖਿਆ ਸਮਝੌਤੇ ਨੂੰ ਖ਼ਤਮ ਕਰ ਸਕਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮੈਥਿਊ ਵੇਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਨਵੀਂ ਸੰਧੀ ਸੋਲੋਮਨ ਟਾਪੂ ਦੇ ਪ੍ਰਮੁੱਖ ਸੁਰੱਖਿਆ ਭਾਈਵਾਲ ਵਜੋਂ ਆਸਟ੍ਰੇਲੀਆ ਦੀ ਭੂਮਿਕਾ ਨੂੰ ਮਜ਼ਬੂਤ ਕਰਦੀ ਹੈ।
ਇਸ ਸੰਧੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੋਲੋਮਨ ਟਾਪੂ ਵਿੱਚ ਕਿਸੇ ਵੀ ਵਿਦੇਸ਼ੀ ਫ਼ੌਜੀ ਜਾਂ ਸੁਰੱਖਿਆ ਅੱਡੇ ਦੀ ਸਥਾਪਨਾ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 2022 ਵਿੱਚ ਚੀਨ ਨਾਲ ਹੋਏ ਸਮਝੌਤੇ ਤੋਂ ਬਾਅਦ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਚੀਨੀ ਜਲ ਸੈਨਾ ਇੱਥੇ ਆਪਣਾ ਅੱਡਾ ਬਣਾ ਸਕਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਵੇਲ ਨੇ ਚੀਨ ਨਾਲ ਸਮਝੌਤਾ ਖ਼ਤਮ ਕਰਨ ਦੀਆਂ ਖ਼ਬਰਾਂ 'ਤੇ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ, ਪਰ ਉਨ੍ਹਾਂ ਕਿਹਾ ਕਿ ਖੇਤਰ ਵਿੱਚ ਅਨਿਸ਼ਚਿਤਤਾ ਅਤੇ ਸ਼ੱਕ ਦੇ ਦਿਨ ਹੁਣ ਬੀਤ ਚੁੱਕੇ ਹਨ। ਦੂਜੇ ਪਾਸੇ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨਾਲ ਉਸ ਦਾ ਸਹਿਯੋਗ ਆਪਸੀ ਸਨਮਾਨ 'ਤੇ ਆਧਾਰਿਤ ਹੈ।



