ਈਰਾਨ ‘ਚ ਝੂਠੀ ਸ਼ਾਨ ਖਾਤਰ 19 ਸਾਲਾ ਗਰਭਵਤੀ ਧੀ ਦਾ ਬੇਰਹਿਮੀ ਨਾਲ ਕਤਲ, ਮਾਪੇ ਗ੍ਰਿਫ਼ਤਾਰ
ਤਹਿਰਾਨ: ਈਰਾਨ ਦੇ ਸਨੰਦਾਜ ਸ਼ਹਿਰ ਵਿੱਚ 19 ਸਾਲਾ ਗਰਭਵਤੀ ਮੁਟਿਆਰ ਹੇਲੀਆ ਫ਼ੱਤਾਹੀ ਦੇ ਕਤਲ ਦੇ ਦੋਸ਼ ਹੇਠ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਘਟਨਾ ਨੂੰ 'ਆਨਰ ਕਿਲਿੰਗ' (ਝੂਠੀ ਸ਼ਾਨ ਖਾਤਰ ਕਤਲ) ਕਰਾਰ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਦੋ ਮਹੀਨਿਆਂ ਦੀ ਗਰਭਵਤੀ ਹੇਲੀਆ ਨੇ ਜਦੋਂ ਪਿਛਲੇ ਹਫ਼ਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਘਰ ਵਿੱਚ ਝਗੜਾ ਹੋ ਗਿਆ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਉਸ ਦੇ ਪਿਤਾ ਵੋਰੀਆ ਫ਼ੱਤਾਹੀ ਅਤੇ ਮਾਂ ਲੈਲਾ ਵੇਈਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
'ਹੈਂਗਾਵ ਆਰਗੇਨਾਈਜ਼ੇਸ਼ਨ ਫਾਰ ਹਿਊਮਨ ਰਾਈਟਸ' ਮੁਤਾਬਕ, 21 ਨਵੰਬਰ ਨੂੰ ਮਾਪਿਆਂ ਨੇ ਹੇਲੀਆ ਨੂੰ ਜ਼ਬਰਦਸਤੀ ਦੌਰਿਆਂ ਤੋਂ ਬਚਾਅ ਵਾਲੀਆਂ ਲਗਭਗ 30 ਗੋਲੀਆਂ ਖੁਆ ਦਿੱਤੀਆਂ। ਜਦੋਂ ਇੰਨੀਆਂ ਗੋਲੀਆਂ ਖੁਆਉਣ ਤੋਂ ਬਾਅਦ ਵੀ ਉਹ ਜ਼ਿੰਦਾ ਰਹੀ, ਤਾਂ ਮਾਪਿਆਂ ਨੇ ਸਿਰਹਾਣੇ ਨਾਲ ਉਸ ਦਾ ਮੂੰਹ ਦਬਾ ਕੇ ਸਾਹ ਘੁੱਟ ਦਿੱਤਾ। ਮਨੁੱਖੀ ਅਧਿਕਾਰ ਸੰਗਠਨਾਂ ਨੇ ਈਰਾਨ ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਵਾਲੇ ਕਾਨੂੰਨਾਂ ਦੀ ਕਮੀ 'ਤੇ ਡੂੰਘੀ ਚਿੰਤਾ ਜਤਾਈ ਹੈ।
ਜ਼ਿਕਰਯੋਗ ਹੈ ਕਿ ਈਰਾਨ ਵਿੱਚ ਇੱਕ ਹਫ਼ਤੇ ਤੋਂ ਥੋੜ੍ਹੇ ਵੱਧ ਸਮੇਂ ਵਿੱਚ ਮੁਟਿਆਰਾਂ ਦੇ ਕਤਲ ਜਾਂ ਸ਼ੱਕੀ ਮੌਤਾਂ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਗਿਲਾਨ ਸੂਬੇ ਵਿੱਚ 23 ਸਾਲਾ ਸਦਾਫ਼ ਹਘਬਿਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਕੇਰਮਾਨਸ਼ਾਹ ਵਿੱਚ 16 ਸਾਲਾ ਸਕੂਲੀ ਵਿਦਿਆਰਥਣ ਸੋਗੰਦ ਸਯਾਦੀ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਦੂਜੇ ਪਾਸੇ, ਈਰਾਨ ਵਿੱਚ ਗਾਇਕਾ ਪਰਸਤੂ ਅਹਿਮਦੀ ਅਤੇ ਉਨ੍ਹਾਂ ਦੀ ਟੀਮ ਨੂੰ ਇੱਕ ਆਨਲਾਈਨ ਸੰਗੀਤ ਪ੍ਰੋਗਰਾਮ ਕਾਰਨ 74-74 ਕੋੜੇ ਮਾਰਨ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਬਾਰੇ ਬਹਿਸ ਹੋਰ ਤੇਜ਼ ਹੋ ਗਈ ਹੈ।



