ਵਰਿੰਦਰ ਸ਼ਰਮਾ, ਨੂਰਮਹਿਲ : ਨਜ਼ਦੀਕੀ ਪਿੰਡ ਸਿੱਧਮ ਹਰੀ ਸਿੰਘ ਵਿਖੇ ਇਕ ਨੌਜਵਾਨ ਵੱਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਦੀ ਘਟਨਾ ਸਾਹਮਣੇ ਆਈ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਅਮਨਪ੍ਰਰੀਤ ਸਿੰਘ ਉਰਫ ਪੀਤਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਪੀਤਾ ਮਾਂ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਹੈ, ਜਿਸ ਕਾਰਨ ਕੁਝ ਦਿਨ ਪਹਿਲਾਂ ਉਸ ਦੀ ਮਾਂ ਪਰੇਸ਼ਾਨ ਹੋ ਕੇ ਭੈਣ ਦੇ ਘਰ ਚਲੀ ਗਈ। ਦੋ ਦਿਨ ਪਹਿਲਾਂ ਅਮਨਪ੍ਰਰੀਤ ਸਿੰਘ ਨੇ ਗੁੱਸੇ ‘ਚ ਆ ਕੇ ਘਰ ਦੇ ਬਿਸਤਰੇ ਸਾੜ ਦਿੱਤੇ ਤੇ ਫਿਰ ਉਸ ਦੀ ਮਾਂ ਵੱਲੋਂ ਪਾਠ ਕਰਨ ਲਈ ਰੱਖੇ ਗਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਹਿਲਾਂ ਉਨ੍ਹਾਂ ਨੂੰ ਪੈਰਾਂ ਹੇਠ ਮਧੋਲਿਆ ਤੇ ਫਿਰ ਅੱਗ ਲਾ ਦਿੱਤੀ। ਮੁਲਜ਼ਮ ਨੇ ਇਸ ਦੀ ਵੀਡੀਓ ਬਣਾ ਕੇ ਮਾਂ ਨੂੰ ਭੇਜ ਦਿੱਤੀ। ਜਦੋਂ ਮਾਂ ਨੇ ਇਹ ਵੀਡੀਓ ਦੇਖੀ ਤਾਂ ਤੁਰੰਤ ਪਿੰਡ ਦੇ ਗੁਰਜੀਤ ਸਿੰਘ ਨੂੰ ਵੀਡੀਓ ਭੇਜ ਕੇ ਘਟਨਾ ਬਾਰੇ ਦੱਸਿਆ। ਗੁਰਜੀਤ ਸਿੰਘ ਨੇ ਇਸ ਦੀ ਜਾਣਕਾਰੀ ਪਿੰਡ ਦੇ ਸਾਬਕਾ ਸਰਪੰਚ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਨੂੰ ਦਿੱਤੀ। ਰੇਸ਼ਮ ਸਿੰਘ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਅਮਨਪ੍ਰਰੀਤ ਸਿੰਘ ਨੂੰ ਗਿ੍ਫਤਾਰ ਕਰਨ ਲਈ ਛਾਪਾ ਮਾਰਿਆ। ਪੁਲਿਸ ਦੀ ਗੱਡੀ ਦੇਖ ਕੇ ਮੁਲਜ਼ਮ ਭੱਜਣ ਲੱਗਾ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਮੁਲਜ਼ਮ ਦੀ ਮਾਤਾ ਗੁਰਬਖਸ਼ ਕੌਰ ਦਾ ਕਹਿਣਾ ਹੈ ਕਿ ਅਮਨਪ੍ਰਰੀਤ ਸਿੰਘ ਅਕਸਰ ਘਰ ‘ਚ ਲੜਦਾ-ਝਗੜਾ ਰਹਿੰਦਾ ਸੀ। ਇਸ ਕਰ ਕੇ ਉਹ ਭੈਣ ਦੇ ਘਰ ਗਈ ਹੋਈ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਮਨਪ੍ਰਰੀਤ ਨੇ ਵੀਡੀਓ ਭੇਜੀ ਸੀ। ਜਾਣਕਾਰੀ ਦਿੰਦਿਆ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਅਮਨਪ੍ਰਰੀਤ ਸਿੰਘ ਉਰਫ ਪੀਤਾ ਨੇ ਘਰੇਲੂ ਕਲੇਸ਼ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਖ਼ਿਲਾਫ਼ ਧਾਰਾ 67, 295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਪਹਿਲਾਂ ਵੀ ਐੱਨਆਰਆਈ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਜੇਲ੍ਹ ਕੱਟ ਚੁੱਕਾ ਹੈ।


