ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਵਿਚ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਬੱਚਿਆਂ ਦੇ ਪੇਂਟਿੰਗ, ਲਿਖਾਈ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਿੰਦੀ ਮਾਸਟਰ ਨਰੇਸ਼ ਕੋਹਲੀ ਨੇ ਸਾਰੇ ਵਿਦਿਆਰਥੀਆਂ ਅਤੇ ਹਿੰਦੀ ਪੇ੍ਮੀਆਂ ਨੂੰ ਵਿਸ਼ਵ ਹਿੰਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਹਿੰਦੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ‘ਚ ਹਿੰਦੀ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਂਢ-ਗੁਆਂਢ ਨੂੰ ਵੀ ਪੇ੍ਰਿਤ ਕਰਨ। ਕੋਹਲੀ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ। ਅਜੋਕੇ ਦੌਰ ‘ਚ ਅੰਗਰੇਜ਼ੀ ਭਾਸ਼ਾ ਵੀ ਲੋਕਾਂ ਵਿਚ ਭਾਰੂ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਹਿੰਦੀ ਦਾ ਮਹੱਤਵ ਘੱਟ ਨਹੀਂ ਹੋ ਰਿਹਾ। ਹਿੰਦੀ ਭਾਰਤ ਦੇ ਲੋਕਾਂ ਵਿੱਚ ਸੰਚਾਰ ਦਾ ਸਭ ਤੋਂ ਵਧੀਆ ਮਾਧਿਅਮ ਹੈ।

ਸਮਾਗਮ ‘ਚ ਸ਼ਿਰਕਤ ਕਰਦਿਆਂ ਹਿੰਦੀ ਭਾਸ਼ਾ ਦੇ ਸੀਨੀਅਰ ਲੇਖਕ, ਮਿੰਨੀ ਕਹਾਣੀਕਾਰ ਅਤੇ ਵਾਤਾਵਰਨ ਪੇ੍ਮੀ ਮਨੋਜ ਬੱਬਲ ਨੇ ਕਿਹਾ ਕਿ ਹਿੰਦੀ ਭਾਸ਼ਾ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਅਸਲ ਵਾਹਕ ਹੈ ਅਤੇ ਇਸ ਭਾਸ਼ਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਿੰਦੀ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਹੋਰ ਕਈ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ, ਮਾਰੀਸ਼ਸ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਆਦਿ ਵਿਚ ਹਿੰਦੀ ਭਾਸ਼ਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਹਿੰਦੀ ਭਾਸ਼ਾ ਵਿਚ ਸਭ ਤੋਂ ਵੱਧ ਸੰਵੇਦਨਸ਼ੀਲਤਾ ਹੈ। ਸ਼ਾਇਦ ਕਿਸੇ ਹੋਰ ਭਾਸ਼ਾ ਵਿਚ ਨਹੀਂ। ਇਕ ਭਾਸ਼ਾ ਵਜੋਂ ਹਿੰਦੀ ਨਾ ਸਿਰਫ਼ ਭਾਰਤ ਦੀ ਪਛਾਣ ਹੈ, ਸਗੋਂ ਇਹ ਸਾਡੀਆਂ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਅਸਲ ਵਾਹਕ ਵੀ ਹੈ, ਜੋ ਸਾਡੇ ਗਿਆਨ, ਪ੍ਰਰਾਚੀਨ ਸਭਿਅਤਾ ਅਤੇ ਆਧੁਨਿਕ ਤਰੱਕੀ ਵਿਚਕਾਰ ਇਕ ਪੁਲ ਵੀ ਹੈ। ਸੀਨੀਅਰ ਸਾਇੰਸ ਅਧਿਆਪਕਾ ਮੈਡਮ ਸੁਮਨ ਲਤਾ ਨੇ ਬੱਚਿਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਖੇਤਰੀ ਭਾਸ਼ਾਵਾਂ ਦੀ ਮਾਂ ਹੈ। ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਮੈਡਮ ਪੂਜਾ ਚੁੱਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਤੇ ਪੰਜਾਬੀ ਮੁਸਕਰਾਉਂਦੀ ਭਾਸ਼ਾਵਾਂ ਹਨ, ਦੋਵੇਂ ਸਾਡੇ ਰਿਸ਼ਤੇ ਅਤੇ ਕੌਮ ਦੀ ਏਕਤਾ ਨੂੰ ਆਪਣੇ ਪਿਆਰ ਦੇ ਕੱਚੇ ਧਾਗਿਆਂ ਨਾਲ ਬੰਨ੍ਹਦੀਆਂ ਹਨ। ਉਨ੍ਹਾਂ ਸਾਰੇ ਹਿੰਦੀ ਪੇ੍ਮੀਆਂ ਨੂੰ ਹਿੰਦੀ ਸਾਹਿਤ ਦਾ ਅਧਿਐਨ ਕਰਨ ਅਤੇ ਹਿੰਦੀ ਦੀ ਸ਼ਾਨ ਨੂੰ ਅਮਰ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਪੇਂਟਿੰਗ, ਭਾਸ਼ਣ ਅਤੇ ਲੇਖਨ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮਾਸਟਰ ਨਰੇਸ਼ ਕੋਹਲੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।