ਲਖਵਿੰਦਰ ਸੰਧੂ

70877-19522

ਮੰਨਤ ਨੂਰ ‘ਲੌਂਗ ਲਾਚੀ’ ਗੀਤ ਨਾਲ ਘਰ-ਘਰ ਮਕਬੂਲ ਹੋਈ। ਉਸ ਨੂੰ ਪੰਜਾਬੀ ਇੰਡਸਟਰੀ ’ਚ ਸਥਾਪਤ ਹੋਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ, ਜੋ ਹਾਲੇ ਵੀ ਜਾਰੀ ਹੈ। ਉਸ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ…

ਨੂਰ ਸੂਰਤ ਤੇ ਸੀਰਤ ਦੀ ਧਨੀ ਹੈ, ਜੋ ‘ਲੌਂਗ ਲਾਚੀ’ ਗਾ ਕੇ ਘਰ-ਘਰ ਮਕਬੂਲ ਹੋਈ। ਉਸ ਨੇ ‘ਲੌਂਗ ਲਾਚੀ’, ‘ਕੈਰੀ ਆਨ ਜੱਟਾ 2’, ‘ਸੋਨੂੰ ਕੇ ਟੀਟੂ ਕੀ ਸਵੀਟੀ’ ਤੇ ਕੌਮੀ ਫਿਲਮ ਪੁਰਸਕਾਰ ਜੇਤੂ ਫਿਲਮ ‘ਹਰਜੀਤਾ’ ਸਮੇਤ ਕਈ ਫਿਲਮਾਂ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਉਸ ਵੱਲੋਂ ਗਾਇਆ ‘ਲੌਂਗ ਲਾਚੀ’ ਗੀਤ ਯੂਟਿਊਬ ’ਤੇ ਕਈ ਬਿਲੀਅਨਜ਼ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਗੀਤ ਹੈ। ਇਹ ਗੀਤ ਹਰ ਛੋਟੇ ਤੋਂ ਲੈ ਕੇ ਵੱਡੇ ਸਰੋਤਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਇਸ ਤੋਂ ਇਲਾਵਾ ਉਸ ਨੇ ‘ਕਾਲਾ ਸੂਟ’, ‘ਜੁੱਤੀ’, ‘ਗੁਲਾਬੀ ਪਾਣੀ’, ‘ਮੀਠੀ ਮੀਠੀ’, ‘ਇਕ ਤੇਰੇ’, ‘ਕਿੰਨਾ ਪਿਆਰਾ’, ‘ਲੈ ਗਿਆ ਕਾਲਜਾ’, ‘ਤੂੰ ਮਿਲਿਆ’, ‘ਨੱਚਦਾ ਪੈਲੇਸ ਤੱਕ ਜਾਵਾਂ’, ‘ਪਤਾ ਨੀ ਕੀ ਹੋ ਗਿਆ’, ‘28 ਕਿੱਲੇ’, ‘ਗੇੜਾ ਗਿੱਧੇ ਵਿੱਚ’, ‘ਕਿੱਕਰਾਂ ਦੇ ਫੁੱਲ’, ‘ਗੁੰਮ ਹੈ’, ‘ਬੋਲੀਆਂ’, ‘ਥਾਰ’, ‘ਦਰਵਾਜ਼ਾ’, ‘ਮੇਰਾ ਮਾਹੀ’, ‘ਚੰਨ ਦੀ ਚੁਆਨੀ’, ‘ਚੰਨਾ’, ‘ਸ਼ੀਸ਼ਾ’, ‘ਕੁੜਤਾ ਚਾਦਰਾ’, ‘ਮਿਸਿੰਗ’, ‘ਲੱਕ ਮੇਰਾ’ ਆਦਿ ਹਿੱਟ ਗੀਤਾਂ ਨੂੰ ਆਵਾਜ਼ ਦਿੱਤੀ। ਉਸ ਨਾਲ ਉਸ ਦੇ ਹੁਣ ਤੱਕ ਦੇ ਸਫ਼ਰ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਤ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਕੁਝ ਖ਼ਾਸ ਅੰਸ਼ :

Q.ਆਪਣੇ ਮੁੱਢਲੇ ਜੀਵਨ ਬਾਰੇ ਕੁਝ ਦੱਸੋ?

ਮੇਰਾ ਅਸਲ ਨਾਂ ਕੇਲਮਾਸ ਹੈ ਤੇ ਮੈਂ ਜ਼ਿਲ੍ਹਾ ਰਿਆਸੀ, ਜੰਮੂ ਅਤੇ ਕਸ਼ਮੀਰ ਦੀ ਰਹਿਣ ਵਾਲੀ ਹਾਂ। ਮੈਂ ਐੱਮਏ ਊਰਦ ਦੀ ਪੜ੍ਹਾਈ ਜੰਮੂ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਪਿਛਲੇ 15 ਕੁ ਸਾਲਾਂ ਤੋਂ ਮੈ ਮੋਹਾਲੀ ਤੇ ਮੁੰਬਈ ’ਚ ਰਹਿ ਰਹੀ ਹਾਂ। ਮੈ ਆਪਣੀ ਸ਼ੁਰੂਆਤ ਦੌਰਾਨ ਕਈ ਤਰ੍ਹਾਂ ਦੀ ਗਾਇਕੀ ਨਾਲ ਆਪਣੇ ਆਪ ਨੂੰ ਨਿਖਾਰਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਸੁਪਨਾ ਪਲੇਅਬੈਕ ਸਿੰਗਰ ਬਣਨ ਦਾ ਸੀ । ਮੈਂ ਫਿਲਮਾਂ ਲਈ ਗਾਉਣਾ ਚਾਹੁੰਦਾ ਸੀ। ਇਸ ਤੋਂ ਬਾਅਦ ਮੈਂ ਮੁੰਬਈ ’ਚ ਗੁਰਮੀਤ ਸਰ ਦੀਆਂ ਕਈ ਫਿਲਮਾਂ ਲਈ ਗੀਤ ਗਾਏ।

Q. ਫੀਮੇਲ ਸਿੰਗਰ ਵਜੋਂ ਤੁਹਾਡਾ ਸਫ਼ਰ ਕਿੰਨਾ ਕੁ ਸੰਘਰਸ਼ਮਈ ਰਿਹਾ?

ਸੱਚ ਦੱਸਾਂ ਤਾਂ ਮੁਸ਼ਕਲਾਂ ਹਰ ਇਨਸਾਨ ਦੇ ਸਫ਼ਰ ’ਚ ਆਉਂਦੀਆਂ ਹਨ। ਇਕ ਫੀਮੇਲ ਸਿੰਗਰ ਵਜੋਂ ਮੈਨੂੰ ਵੀ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਵੀ ਮੇਰਾ ਜੀਵਨ ਸੰਘਰਸ਼ਮਈ ਹੀ ਹੈ ਕਿਉਂਕਿ ਮੈਂ ਅੱਜ ਵੀ ਆਪਣੇ ਸੁਪਨਿਆਂ ਲਈ ਸੰਘਰਸ਼ ਕਰ ਰਹੀ ਹਾਂ ਤੇ ਉਹ ਮੈਂ ਹਰ ਵੇਲੇ ਕਰਦੀ ਰਹਾਂਗੀ ਕਿਉਂਕਿ ਸਫ਼ਲਤਾ ਦਾ ਅਸਲ ਮਜ਼ਾ ਅਸਫ਼ਲਤਾ ਦੇ ਰਸਤੇ ਤੋਂ ਨਿਕਲ ਕੇ ਹੀ ਆਉਂਦਾ ਹੈ। ਆਪਣੇ ਜੀਵਨ ਦੀ ਗੱਲ ਕਰਾਂ ਤਾਂ ਜੰਮੂ ਦੀ ਵਸਨੀਕ ਹੋਣ ਕਾਰਨ ਸ਼ੁਰੂ-ਸ਼ੁਰੂ ’ਚ ਕੁਝ ਪਰੇਸ਼ਾਨੀਆਂ ਜ਼ਰੂਰ ਆਈਆਂ ਪਰ ਫਿਰ ਮੈਂ ਮੁੰਬਈ ’ਚ ਆਪਣੇ ਭਵਿੱਖ ਲਈ ਜਾ ਕੇ ਕੰਮ ਕੀਤਾ ਤੇ ਕੁਝ ਸਾਥੀਆਂ ਦੀ ਮਦਦ ਤੇ ਹੌਸਲਾ ਅਫ਼ਜ਼ਾਈ ਨਾਲ ਆਖ਼ਰ ਮੈਂ ਸਰੋਤਿਆਂ ਦੇ ਦਿਲਾਂ ’ਚ ਯੋਗ ਥਾਂ ਬਣਾਈ ਤੇ ਭਵਿੱਖ ’ਚ ਮੈਂ ਆਪਣੀ ਥਾਂ ਹੋਰ ਡੂੰਘੀ ਕਰਨਾ ਚਾਹੁੰਦੀ ਹਾਂ।

Q. ਤੁਸੀ ਕਿਸ-ਕਿਸ ਸਟਾਈਲ ’ਚ ਗਾਇਆ ਹੈ?

ਕੁਝ ਲੋਕ ਮੈਨੂੰ ਅਕਸਰ ਸਵਾਲ ਪੁੱਛਦੇ ਹਨ ਕਿ ਮੈਂ ਪਹਿਲਾਂ ਸੂਫ਼ੀ ਗਾਇਕੀ ਕਰਦੀ ਸੀ ਪਰ ਫਿਰ ਹੌਲੀ-ਹੌਲੀ ਛੱਡ ਦਿੱਤੀ। ਇਹ ਸੱਚ ਨਹੀਂ ਕਿਉਂਕਿ ਮੈਂ ਆਪਣੇ ਸ਼ੁਰੂਆਤੀ ਦਿਨਾਂ ’ਚ ਬਾਲੀਵੁੱਡ, ਸੂਫ਼ੀ ਗਾਇਕੀ, ਗਜ਼ਲ, ਲੇਡੀ ਸੰਗੀਤ ਤੇ ਕਈ ਸ਼ੋਅਜ਼ ’ਚ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਸਭ ਤੋਂ ਇਲਾਵਾ ਮੇਰਾ ਸੁਪਨਾ ਪਲੇਅਬੈਕ ਸਿੰਗਰ ਬਣਨ ਦਾ ਸੀ। ਪਲੇਅਬੈਕ ਸਿੰਗਰ ਬਣਨ ਦਾ ਮੌਕਾ ਮੈਨੂੰ ਉਦੋਂ ਮਿਲਿਆ ਜਦੋਂ ਮੇਰੇ ਕਈ ਗੀਤ ਰਿਲੀਜ਼ ਹੋਏ। ਫਿਰ ਇਸ ਤੋਂ ਬਾਅਦ ਮੈਂ ਕਈ ਪੰਜਾਬੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ। ਮੈਂ ਦਰਸ਼ਕਾਂ ਦੀ ਪਸੰਦ ਨੂੰ ਧਿਆਨ ’ਚ ਰੱਖ ਕੇ ਗੀਤ ਗਾਉਣਾ ਪਸੰਦ ਕਰਦੀ ਹਾਂ।

Q. ਕਿਸੇ ਵੀ ਗੀਤ ਦੀ ਚੋਣ ਲਈ ਤੁਹਾਡੀ ਕੀ ਨੀਤੀ ਹੁੰਦੀ ਹੈ ?

ਕਿਸੇ ਵੀ ਗੀਤ ਨੂੰ ਗਾਉਣ ਤੋਂ ਪਹਿਲਾਂ ਮੈਂ ਉਸ ਗੀਤ ਦੇ ਬੋਲਾਂ ’ਤੇ ਖ਼ਾਸ ਧਿਆਨ ਦਿੰਦੀ ਹਾਂ ਕਿਉਂਕਿ ਮੇਰੇ ਅੱਜ ਤੱਕ ਜੋ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਦੇ ਬੋਲ ਕਾਫ਼ੀ ਸਾਫ਼-ਸੁਥਰੀ ਸ਼ਬਦਾਵਲੀ ਵਾਲੇ ਹੀ ਹੁੰਦੇ ਹਨ। ਸ਼ਾਇਦ ਇਸ ਕਾਰਨ ਹੀ ਦਰਸ਼ਕ ਮੇਰੇ ਗੀਤਾਂ ਨੂੰ ਦਿਲ ਖੋਲ੍ਹ ਕੇ ਪਿਆਰ ਦਿੰਦੇ ਹਨ। ਗੀਤਾਂ ਦੇ ਬੋਲਾਂ ਦੀ ਸਾਦਗੀ ਤੇ ਮੇਰੀ ਆਵਾਜ਼ ਕਾਰਨ ਹੀ ਸ਼ਾਇਦ ਮੇਰੇ ਗੀਤ ਪੰਜਾਬ ਜਾਂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ ਰਹਿੰਦੇ ਸਰੋਤਿਆਂ ਦੀ ਵੀ ਪਸੰਦ ਬਣੇ ਹੋਏ ਹਨ। ਸਰੋਤਿਆਂ ਦੇ ਏਨੇ ਪਿਆਰ ਦੀ ਬਦੌਲਤ ਹੀ ਮੈਂ ਆਪਣੇ ਗੀਤਾਂ ਦੀ ਚੋਣ ’ਤੇ ਖ਼ਾਸ ਧਿਆਨ ਦਿੰਦੀ ਹਾਂ।

Q. ‘ਲੌਂਗ ਲਾਚੀ’ ਗੀਤ ਤੁਹਾਡੇ ਲਈ ਕਿਹੜੇ ਨਵੇਂ ਅਨੁਭਵ ਲੈ ਕੇ ਆਇਆ?

‘ਲੌਂਗ ਲਾਚੀ’ ਗੀਤ ਵਰਗਾ ਗੀਤ ਮੇਰੇ ਹਿਸਾਬ ਨਾਲ ਹੋਰ ਨਹੀਂ ਹੋ ਸਕਦਾ। ਉਹ ਇਕ ਅਲੱਗ ਹੀ ਅਨੁਭਵ ਸੀ। ਇਹ ਗੀਤ ਬੋਲਾਂ ਅਤੇ ਸੰਗੀਤ ਦੇ ਆਧਾਰ ’ਤੇ ਕਾਫ਼ੀ ਸਧਾਰਨ ਜਿਹਾ ਸੀ ਪਰ ਫਿਰ ਵੀ ਲੋਕਾਂ ਨੇ ਇਸ ਨੂੰ ਕਾਫ਼ੀ ਪਸੰਦ ਕੀਤਾ। ਇਸ ਗੀਤ ਨੂੰ ਮਿਲੇ ਦਰਸ਼ਕਾਂ ਦੇ ਪਿਆਰ ਨੇ ਮੇਰੇ ’ਚ ਇਕ ਨਵਾਂ ਜੋਸ਼ ਭਰ ਦਿੱਤਾ। ਅਸਲ ’ਚ ਇਸ ਗੀਤ ਤੋਂ ਬਾਅਦ ਸਰੋਤੇ ਮੇਰੀ ਆਵਾਜ਼ ਕਾਰਨ ਮੈਨੂੰ ਜਾਣਨ ਲੱਗੇ ਸਨ। ਇਸ ਲਈ ਆਪਣੀ ਪਛਾਣ ਸਰੋਤਿਆਂ ’ਚ ਬਣਨ ਤੋਂ ਬਾਅਦ ਮੈਂ ਸਿੰਗਲ ਟਰੈਕ ਕਰਨੇ ਸ਼ੁਰੂ ਕਰ ਦਿੱਤੇ।

Q. ਕਈ ਗਾਇਕ ਫਿਲਮਾਂ ’ਚ ਕੰਮ ਕਰ ਰਹੇ ਹਨ। ਕੀ ਭਵਿੱਖ ’ਚ ਤੁਹਾਡੀ ਫਿਲਮਾਂ ’ਚ ਆਉਣ ਦੀ ਕੋਈ ਯੋਜਨਾ ਹੈ?

(ਹੱਸਦੇ ਹੋਏ) ਮੈਂ ਸੱਚ ਦੱਸਾਂ, ਮੈਂ ਵੀ ਪੰਜਾਬੀ ਫਿਲਮਾਂ ’ਚ ਅਦਾਕਾਰੀ ਕਰਨ ਦੀ ਇੱਛਾ ਰੱਖਦੀ ਹਾਂ। ਮੈਨੂੰ ਉਮੀਦ ਹੈ ਕਿ ਭਵਿੱਖ ’ਚ ਮੈਨੂੰ ਫਿਲਮਾਂ ’ਚ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਦਰਸ਼ਕ ਮੇਰੇ ਕੰਮ ਨੂੰ ਪਸੰਦ ਵੀ ਕਰਨਗੇ। ਦਰਅਸਲ ਮੈਂ ਇਕ ਪੰਜਾਬੀ ਫਿਲਮ ‘ਦੂਜੀ ਵਾਰ ਪਿਆਰ’ ਕੰਮ ਕੀਤਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ’ਚ ਮੇਰੇ ਕੰਮ ਨੂੰ ਪਸੰਦ ਕਰਨਗੇ। ਇਸ ਤੋਂ ਇਲਾਵਾ ਵੀ ਮੈਨੂੰ ਕਈ ਪੰਜਾਬੀ ਫਿਲਮਾਂ ਦੇ ਆਫਰ ਮਿਲ ਰਹੇ ਹਨ। ਹੋ ਸਕਦਾ ਹੈ ਕਿ ਭਵਿੱਖ ’ਚ ਮੈਂ ਕੁਝ ਫਿਲਮਾਂ ਰਾਹੀਂ ਵੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਾਂ ਕਿਉਂਕਿ ਇਕ ਗਾਇਕ ਦੇ ਤੌਰ ’ਤੇ ਆਪਣੇ ਪ੍ਰਸ਼ੰਸਕਾਂ ਦੀ ਪਸੰਦ ਨੂੰ ਧਿਆਨ ’ਚ ਰੱਖਣਾ ਮੇਰਾ ਧਰਮ ਹੈ।

Q. ਪੰਜਾਬੀ ਇੰਡਸਟਰੀ ’ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ?

ਅਸਲ ’ਚ ਇਹ ਹੁਣ ਬਿਜਨੈਸ ਬਣ ਗਿਆ ਹੈ। ਸੋ ਮੈ ਸਿੰਗਲ ਟਰੈਕ ਲਈ ਕਈ ਕੰਪਨੀਆਂ ਨਾਲ ਕੰਮ ਕਰਨ ਦੀ ਸੋਚੀ ਸੀ ਪਰ ਸੱਚ ਦੱਸਾਂ ਤਾਂ ਮੈਨੂੰ ਸਾਰੀਆਂ ਨਹੀਂ, ਕੁਝ ਕੰਪਨੀਆਂ ਵੱਲੋਂ ਇਗਨੋਰ ਕੀਤਾ ਗਿਆ। (ਹੱਸਦੇ ਹੋਏ) ਇਸ ਦਾ ਕਾਰਨ ਸੱਚ ਦੱਸਾਂ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਕਿਉਂਕਿ ਮੈਂ ਇਹ ਸੋਚ ਕੇ ਪ੍ਰਾਜੈਕਟ ਲੈ ਕੇ ਜਾ ਰਹੀ ਸੀ ਕਿ ਮੇਰਾ ਗੀਤ ‘ਲੌਂਗ ਲਾਚੀ’ ਸੁਪਰਹਿੱਟ ਗੀਤ ਸੀ, ਫਿਰ ਵੀ ਇਹ ਇਗਨੋਰ ਕਰਨਾ ਮੈਨੂੰ ਦੁੱਖ ਦੇ ਰਿਹਾ ਸੀ ਪਰ ਮੈਂ ਖ਼ੁਸ਼ ਹਾਂ ਕਿ ਮੈਨੂੰ ਜ਼ਿੰਦਗੀ ’ਚ ਚੰਗੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਮੈਂ ਆਪਣਾ ਬੈਨਰ ਐੱਮਐੱਨ ਮੈਲੋਡੀ ਬਣਾਇਆ ਤੇ ਕਈ ਗੀਤ ਰਿਲੀਜ਼ ਕੀਤੇ। J

Q. ਰੋਜ਼ਾਨਾ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਨਵੀਆਂ ਆਵਾਜ਼ਾਂ

ਸਰੋਤਿਆਂ ਅੱਗੇ ਪੇਸ਼ ਕਰ ਰਹੀ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?

ਜੋ ਨਵੇਂ ਗਾਇਕ ਹਨ, ਉਨ੍ਹਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਿਲ ਖੋਲ੍ਹ ਕੇ ਸਵਾਗਤ ਕਰ ਰਹੀ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਮਿਹਨਤ ਤੇ ਹੁਨਰਮੰਦ ਗਾਇਕਾਂ ਨੂੰ ਮੌਕਾ ਮਿਲਣਾ ਵੀ ਚਾਹੀਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਮੁਕਾਬਲੇਬਾਜ਼ੀ ਦਾ ਦੌਰ ਚੱਲ ਰਿਹਾ ਹੈ ਪਰ ਫਿਰ ਵੀ ਜੇ ਤੁਹਾਡੇ ’ਚ ਹੁਨਰ, ਕੁਝ ਕਰਨ ਦੀ, ਮਿਹਨਤ ਕਰਨ ਦੀ ਹਿੰਮਤ ਹੈ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ। ਮੇਰਾ ਮੰਨਣਾ ਹੈ ਕਿ ਅੱਗੇ ਉਹ ਹੀ ਗਾਇਕ ਜਾਂਦੇ ਹਨ, ਜੋ ਮਿਹਨਤ ਨਾਲ ਕੰਮ ਕਰਦੇ ਹਨ। ਮੈਨੂੰ ਖ਼ੁਸ਼ੀ ਹੈ ਕਿ ਇੰਡਸਟਰੀ ’ਚ ਹਰ ਦਿਨ ਸਰੋਤਿਆਂ ਨੂੰ ਇਕ ਨਵੀਂ ਆਵਾਜ਼ ਸੁਣਨ ਨੂੰ ਮਿਲ ਰਹੀ ਹੈ।