ਵਾਸ਼ਿੰਗਟਨ, ਪੀਟੀਆਈ : ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ‘ਚ ਸਫਲ ਹੁੰਦੇ ਹਨ ਤਾਂ ਉਹ ਸੰਘੀ ਸਰਕਾਰ ਦੇ 75 ਫੀਸਦੀ ਤੋਂ ਵੱਧ ਮੁਲਾਜ਼ਮਾਂ ਨੂੰ ਬਰਖਾਸਤ ਅਤੇ FBI ਵਰਗੀਆਂ ਕਈ ਵੱਡੀਆਂ ਏਜੰਸੀਆਂ ਨੂੰ ਬੰਦ ਕਰ ਦੇਣਗੇ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੋਟੀ ਦੇ ਵਿਰੋਧੀ ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਵੀ ਇਹੀ ਗੱਲ ਆਖ ਚੁੱਕੇ ਹਨ। ਅਮਰੀਕੀ ਨਿਊਜ਼ ਵੈੱਬਸਾਈਟ ‘ਐਕਸੀਓਸ’ ਨੂੰ ਦਿੱਤੇ ਇੰਟਰਵਿਊ ‘ਚ ਰਾਮਾਸਵਾਮੀ ਨੇ ਕਿਹਾ,
”ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਖਿਆ ਵਿਭਾਗ, ਐਫਬੀਆਈ, ਸ਼ਰਾਬ, ਤੰਬਾਕੂ, ਹਥਿਆਰ ਅਤੇ ਵਿਸਫੋਟਕ, ਪ੍ਰਮਾਣੂ ਰੈਗੂਲੇਟਰੀ ਕਮਿਸ਼ਨ, (ਇੰਟਰਨਲ ਰੈਵੇਨਿਊ ਸਰਵਿਸ) ਆਈਆਰਐਸ ਅਤੇ ਵਣਜ ਵਿਭਾਗ ਹੋਣਗੇ।”
ਕੀ ਕੁਝ ਬੋਲੇ ਭਾਰਤਵੰਸ਼ੀ ਰਾਮਾਸਵਾਮੀ?
ਰਾਮਾਸਵਾਮੀ ਨੇ ਕਿਹਾ ਕਿ ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ 30 ਫੀਸਦੀ ਕਰਮਚਾਰੀ ਸੇਵਾਮੁਕਤੀ ਦੇ ਨੇੜੇ ਹੋਣਗੇ।
ਐਕਸੀਓਸ ਦੇ ਅਨੁਸਾਰ, ਰਾਮਾਸਵਾਮੀ ਨੇ ਕਿਹਾ ਹੈ ਕਿ ਉਹ ਚਾਰ ਸਾਲਾਂ ਵਿੱਚ ਆਪਣੇ 2.2 ਮਿਲੀਅਨ ਕਰਮਚਾਰੀਆਂ ਵਿੱਚੋਂ 75 ਪ੍ਰਤੀਸ਼ਤ ਨੂੰ ਕੱਢਣ ਦਾ ਟੀਚਾ ਰੱਖਦੇ ਹਨ। 23 ਅਗਸਤ ਨੂੰ ਰਿਪਬਲਿਕਨ ਰਾਸ਼ਟਰਪਤੀ ਦੀ ਪ੍ਰਾਇਮਰੀ ਬਹਿਸ ਤੋਂ ਬਾਅਦ ਰਾਮਾਸਵਾਮੀ ਦਾ ਧਿਆਨ ਖਿੱਚਿਆ ਗਿਆ ਹੈ।
ਸੰਘੀ ਸਰਕਾਰ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਹਨ?
ਨਿਊਯਾਰਕ ਟਾਈਮਜ਼ ਮੁਤਾਬਕ ਫੈਡਰਲ ਸਰਕਾਰ ‘ਚ ਲਗਭਗ 22 ਲੱਖ 50 ਹਜ਼ਾਰ ਲੋਕ ਨੌਕਰੀ ਕਰਦੇ ਹਨ। ਜੇਕਰ ਇਨ੍ਹਾਂ ‘ਚੋਂ 75 ਫੀਸਦੀ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ 16 ਲੱਖ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਅਤੇ ਫੈਡਰਲ ਬਜਟ ‘ਚ ਅਰਬਾਂ ਡਾਲਰ ਦੀ ਬੱਚਤ ਹੋਵੇਗੀ ਪਰ ਇਸ ਨਾਲ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਬੰਦ ਵੀ ਹੋ ਜਾਣਗੇ।



