ਪੱਤਰ ਪੇ੍ਰਰਕ, ਪਟਿਆਲਾ : ਵਾਤਾਵਰਨ ਦੀ ਸੰਭਾਲ ਲਈ ਵਿਸ਼ੇਸ਼ ਮੌਕੇ ‘ਨੀਲੇ ਅਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸ’ ਦੇ ਮੌਕੇ 7 ਤੋਂ 13 ਸਤੰਬਰ ਨੂੰ ਇਸ ਤੱਥ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਕਿ ਸਾਫ਼ ਹਵਾ ਲੋਕਾਂ ਦੀ ਸਿਹਤ ਤੇ ਰੋਜ਼ਾਨਾ ਜੀਵਨ ਲਈ ਮਹੱਤਵਪੂਰਨ ਹੈ। ਕਿਉਂਕਿ ਹੁਣ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਵਾਤਾਵਰਨ ਨਾਲ ਜੁੜਿਆ ਹੋਇਆ ਖ਼ਤਰਾ ਹੈ ਇਸ ਲਈ ਇਹ ਵਿਸ਼ਵ ਪੱਧਰ ‘ਤੇ ਮੌਤ ਤੇ ਬਿਮਾਰੀ ਦੇ ਮੁੱਖ ਬਚਾਅ ਯੋਗ ਕਾਰਨਾਂ ‘ਚੋਂ ਇਕ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕੀਤਾ।

ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਮੌਜੂਦਗੀ ‘ਚ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਅਤੇ ਸਾਹ ਤੇ ਛਾਤੀ ਰੋਗਾਂ ਦੇ ਮਾਹਿਰ ਐੱਸਐੱਮਓਜ਼ ਡਾ. ਅਸ਼ਰਫ਼ਜੀਤ ਅਤੇ ਡਾ. ਵਿਕਾਸ ਗੋਇਲ ਵੱਲੋਂ ਪਟਿਆਲਾ ਦੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਹਵਾ ਪ੍ਰਦੂਸ਼ਣ ਨਾਲ ਸਿਹਤ ਸਬੰਧੀ ਚਿੰਤਾਵਾਂ ਤੇ ਆਮ ਜਾਗਰੂਕਤਾ ਬਾਰੇ ਜਾਗਰੂਕ ਕੀਤਾ ਗਿਆ।

ਜ਼ਿਲ੍ਹਾ ਹਸਪਤਾਲ ਵਿਚ ਉਨ੍ਹਾਂ ਲਈ ਫੇਫੜਿਆਂ ਦੀ ਸਮਰੱਥਾ ਲਈ ਸਪਾਈਰੋਮੈਟਰੀ ਟੈਸਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਡਾ. ਰਮਿੰਦਰ ਕੌਰ ਨੇ ਕਿਹਾ ਕਿ ‘ਟੂਗੈਦਰ ਫਾਰ ਕਲੀਨ ਏਅਰ’ ਦੀ ਥੀਮ ‘ਤੇ ਕੇਂਦਰਿਤ ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਤਾਲਮੇਲ ਅਤੇ ਸਾਂਝੀ ਜ਼ਿੰਮੇਵਾਰੀ ਦੀ ਤੁਰੰਤ ਲੋੜ ਨੂੰ ਉਜਾਗਰ ਕਰਨਾ ਹੈ। ਇਹ ਮਨੁੱਖੀ ਤੇ ਈਕੋਸਿਸਟਮ ਦੀ ਸਿਹਤ ‘ਤੇ ਹਵਾ ਪ੍ਰਦੂਸ਼ਣ ਦੇ ਸਿੱਧੇ ਪ੍ਰਭਾਵ ਨੂੰ ਵਾਯੂਮੰਡਲ ਦੀ ਸੁਰੱਖਿਆ ਤੇ ਹਰੇਕ ਲਈ ਸਿਹਤਮੰਦ ਹਵਾ ਨੂੰ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦਾ ਹੈ।

ਇਸ ਵਿਸ਼ੇ ‘ਤੇ ਗੱਲ ਕਰਦੇ ਹੋਏ ਪਟਿਆਲਾ ਜ਼ਿਲੇ੍ਹ ਵਿਚ ਇਸ ਅਧੀਨ ਕੀਤੀਆਂ ਗਈਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਪੋ੍ਗਰਾਮ ਦੇ ਨੋਡਲ ਅਫ਼ਸਰ ਡਾ ਸੁਮੀਤ ਸਿੰਘ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ। ਕੁਦਰਤੀ ਸਰੋਤਾਂ ਨੂੰ ਬਾਲਣ ਦੇ ਤੌਰ ‘ਤੇ ਊਰਜਾ ਲਈ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਸਤੇਮਾਲ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਹਵਾ ਵਿਚ ਵਧਾ ਰਿਹਾ ਹੈ ਜਿਸ ਨਾਲ ਧਰਤੀ ਦੇ ਅੌਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੌਸਮੀ ਚੱਕਰ ਵਿਚ ਤਬਦੀਲੀ ਆ ਰਹੀ ਹੈ, ਜਿਸ ਦੇ ਪ੍ਰਤੱਖ ਸਬੂਤ ਇਸ ਵਾਰ ਪੰਜਾਬ ਸਮੇਤ ਉੱਤਰੀ ਭਾਰਤ ਨੇ ਵੇਖੇ ਹਨ।

ਇਸ ਤੋਂ ਇਲਾਵਾ ਪ੍ਰਦੂਸ਼ਣ ਨਾਲ ਜੁੜੇ ਹੋਏ ਸਾਹ ਦੇ ਰੋਗ, ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗਾਂ ਵਿਚ ਵਾਧਾ ਪੰਜਾਬੀਆਂ ਦੀ ਅੌਸਤ ਜ਼ਿੰਦਗੀ ਵਿਚ ਕਮੀ ਲਿਆ ਰਿਹਾ ਹੈ। ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਸਕਦੇ ਯਤਨਾਂ ਵਿਚ ਦੇਰੀ ਨਹੀਂ ਕਰਨੀ ਚਾਹੀਦੀ।