ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਮਾਰਕੀਟ ਕਮੇਟੀ ਕਲਾਨੌਰ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਵਿੱਚ ਵੀਰਵਾਰ ਨੂੰ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਬਾਸਮਤੀ 1509 ਦੀ ਪਹਿਲੀ ਢੇਰੀ ਆਉਣ ਨਾਲ ਮੰਡੀ ਵਿੱਚ ਅਗੇਤੀ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀ ਵਿੱਚ ਝੋਨੇ ਦੇ ਸੀਜ਼ਨ ‘ਚ ਬਾਸਮਤੀ ਦੀ ਪਹਿਲੀ ਢੇਰੀ ਲਿਆਉਣ ਵਾਲੇ ਕਿਸਾਨ ਬਲਦੇਵ ਸਿੰਘ ਦਾ ਸਬੰਧਤ ਕਮਿਸ਼ਨ ਏਜੰਟ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ 15 ਜੂਨ ਨੂੰ ਬਾਸਮਤੀ 1509 ਦੀ ਜੋ ਤਿੰਨ ਮਹੀਨੇ ਤੋਂ ਕੁਝ ਦਿਨ ਪਹਿਲਾਂ ਹੀ ਪੱਕ ਕੇ ਤਿਆਰ ਹੋਣ ਉਪਰੰਤ ਉਸ ਦੀ ਕਟਾਈ ਕਰਵਾ ਕੇ ਅਨਾਜ ਮੰਡੀ ਕਲਾਨੌਰ ਵਿਖੇ ਵੇਚਣ ਲਈ ਲਿਆਂਦਾ ਗਿਆ। ਉਸ ਨੇ ਦੱਸਿਆ ਕਿ ਇਸ ਵਾਰ ਬਟਾਲਾ ਵਿੱਚ ਬੀਤੇ ਦਿਨ ਬਾਸਮਤੀ 1509 ਪ੍ਰਤੀ ਕੁਇੰਟਲ 3800 ਰੁਪਏ ਵਿੱਕ ਚੁੱਕੀ ਹੈ। ਕਿਸਾਨ ਬਲਦੇਵ ਸਿੰਘ ਤੋਂ ਇਲਾਵਾ ਰਸ਼ਪਾਲ ਸਿੰਘ, ਬਾਬਾ ਲੱਖਾ ਸਿੰਘ ਰਸੂਲਪੁਰ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਬਾਸਮਤੀ 1509 ਦਾ ਭਾਅ ਚੰਗਾ ਹੈ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਠੀਕ ਰਹਿੰਦਾ ਹੈ ਬਾਸਮਤੀ ਦਾ ਝਾੜ ਵੀ ਵਧੀਆ ਨਿਕਲੇਗਾ । ਉਹਨਾਂ ਕਿਹਾ ਕੇ ਜੇਕਰ ਝਾੜ ਤੇ ਰੇਟ ਵਧੀਆ ਮਿਲਦਾ ਹੈ ਤਾਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਵੱਡੀ ਰਾਹਤ ਮਿਲੇਗੀ। ਉਨਾਂ੍ਹ ਕਿਹਾ ਕਿ ਪਿਛਲੇ ਸਮੇਂ ਹੋਈਆਂ ਬਾਰਿਸ਼ਾਂ ਕਾਰਨ ਕਈ ਖੇਤਰਾਂ ਵਿੱਚ ਆਏ ਹੜ੍ਹ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਇਸ ਮੌਕੇ ਕਮਿਸ਼ਨ ਏਜੰਟ ਗੁਰਪਿੰਦਰ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਪਿਛਲੇ ਸਾਲ ਸ਼ੁਰੂ ਵਿੱਚ ਬਾਸਮਤੀ 1509 ਦਾ ਭਾਅ 3000 ਤੋਂ 3500 ਤੱਕ ਰਿਹਾ ਸੀ। ਜਦਕਿ ਇਸ ਵਾਰ ਸ਼ੁਰੂ ਤੋਂ ਹੀ ਚੰਗੀ ਬਾਸਮਤੀ 3800 ਰੁਪਏ ਪ੍ਰਤੀ ਕੁਇੰਟਲ ਵਿਕ ਚੁੱਕੀ ਹੈ ਜਦਕਿ ਇਸ ਸਮੇਂ ਵੀ ਵਧੀਆ ਕੁਆਲਿਟੀ 3700 ਹੈ। ਇਸ ਤੋਂ ਇਲਾਵਾ ਬਾਸਮਤੀ 1509 ਜਿਸ ਦੇ ਦਾਣੇ ਹਰੇ ਤੇ ਕਾਲੇ ਹਨ ਦਾ ਰੇਟ ਤਿੰਨ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ। ਉਨਾਂ੍ਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਨਸ ਦਾ ਵਧੀਆ ਭਾਅ ਲੈਣ ਲਈ ਬਾਸਮਤੀ ਨੂੰ ਪੂਰੀ ਤਰਾਂ੍ਹ ਸੁਕਾ ਕੇ ਕੱਟਵਾਈ ਕਰਵਾ ਕੇ ਹੀ ਮੰਡੀ ਵਿੱਚ ਲਿਆਉਣ।