ਏਜੰਸੀ, ਨਵੀਂ ਦਿੱਲੀ : ਹਿੰਸਾ ਪ੍ਰਭਾਵਿਤ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਬੀਤੇ ਮਈ ਮਹੀਨੇ ’ਚ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ’ਚ ਸੀਬੀਆਈ ਨੇ ਸੋਮਵਾਰ ਨੂੰ ਨਾਬਾਲਿਗ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ। ਜੁਲਾਈ ’ਚ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼-ਦੁਨੀਆ ਦੇ ਲੋਕਾਂ ’ਚ ਗੁੱਸਾ ਫੈਲ ਗਿਆ ਸੀ। ਨਾਰਾਜ਼ਗੀ ਦੀ ਗੂੰਜ ਸੁਪਰੀਮ ਕੋਰਟ ਤੱਕ ਸੁਣਾਈ ਦਿੱਤੀ ਸੀ। ਚੀਫ ਜਸਟਿਸ ਚੰਦਰਚੂੜ ਸਿੰਘ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਾਮਨਜ਼ੂਰ ਦੱਸਿਆ ਤੇ ਕੇਂਦਰ ਤੇ ਮਨੀਪੁਰ ਸਰਕਾਰ ਨੂੰ ਫ਼ੌਰੀ ਤੌਰ ’ਤੇ ਕਾਰਵਾਈ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਕਾਰਵਾਈ ਨਾ ਹੋਣ ’ਤੇ ਆਪਣੇ ਆਪ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।

ਕੇਂਦਰੀ ਜਾਂਚ ਏਜੰਸੀ ਨੇ ਸੁਪਰੀਮ ਕੋਰਟ ਦੇ ਹੁਕਮ ਤਹਿਤ ਸੋਮਵਾਰ ਨੂੰ ਗੁਹਾਟੀ ਦੀ ਵਿਸ਼ੇਸ਼ ਸੀਬੀਆਈ ਕੋਰਟ ’ਚ ਚਾਰਜਸ਼ੀਟ ਦਾਖ਼ਲ ਕੀਤੀ। ਇਸ ’ਚ ਦੋਸ਼ ਲਗਾਇਆ ਗਿਆ ਕਿ ਬੀਤੀ ਚਾਰ ਮਈ ਨੂੰ ਅੱਤ ਆਧੁਨਿਕ ਹਥਿਆਰਾਂ ਨਾਲ ਲੈਸ ਹਜ਼ਾਰ ਲੋਕਾਂ ਦੀ ਭੀੜ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਬੀ ਫੀਨੋਮ ਪਿੰਡ ’ਚ ਵੜ ਗਈ। ਭੀੜ ਨੇ ਘਰਾਂ ’ਚ ਭੰਨਤੋੜ ਕਰ ਕੇ ਅੱਗ ਲਗਾ ਦਿੱਤੀ ਤੇ ਪਿੰਡ ਵਾਲਿਆਂ ਨਾਲ ਮਾਰਕੁੱਟ ਕਰ ਕੇ ਜਾਇਦਾਦ ਲੁੱਟ ਲਈ। ਇਸ ਦੌਰਾਨ ਦੋ ਮਹਿਲਾਵਾਂ ਨਾਲ ਸਾਮੂਹਿਕ ਜਬਰ ਜਨਾਹ ਕੀਤਾ ਗਿਆ ਤੇ ਨਿਰਵਸਤਰ ਕਰ ਕੇ ਪਿੰਡ ’ਚ ਘੁਮਾਇਆ ਗਿਆ। ਵਿਰੋਧ ਕਰਨ ’ਤੇ ਇਕ ਮਹਿਲਾ ਦੇ ਭਰਾ ਤੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਸੀਬੀਆਈ ਦੀ ਜਾਂਚ ’ਚ ਸਾਫ਼ ਹੋਇਆ ਕਿ ਮਨੀਪੁਰ ਪੁਲਿਸ ਵੱਲੋਂ ਗਿ੍ਰਫ਼ਤਾਰ ਮੁਲਜ਼ਮ ਘਟਨਾ ’ਚ ਸ਼ਾਮਿਲ ਸਨ। ਮਾਮਲੇ ਦੇ ਹੋਰ ਪਹਿਲੂਆਂ ਸਮੇਤ ਹੋਰ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਜਾਰੀ ਹੈ। ਚਾਰਜਸ਼ੀਟ ’ਚ ਮੁਲਜ਼ਮਾਂ ’ਤੇ ਸਾਮੂਹਿਕ ਜਬਰ ਜਨਾਹ, ਹੱਤਿਆ, ਮਹਿਲਾ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਤੇ ਅਪਰਾਧਿਕ ਸਾਜ਼ਿਸ਼ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।