ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ : ਨੀਲਾ ਅਸਮਾਨ ਤਾਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਸ਼ਨਿਚਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਨੀਲਾ ਮੈਦਾਨ ਦੇਖਣ ਨੂੰ ਮਿਲਿਆ। ਦੁਨੀਆ ਭਰ ਤੋਂ ਆਏ ਇਕ ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਪਾਕਿਸਤਾਨ ਦੇ ਖਿਲਾਫ ਨੀਲੀ ਜਰਸੀ ਪਹਿਨ ਕੇ ‘ਮੇਨ ਇਨ ਬਲੂ’ ਦਾ ਸਮਰਥਨ ਕੀਤਾ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਚ ਵੀ ਭਾਰਤੀ ਟੀਮ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ। ਇਹ ਮੈਚ ਭਾਵੇਂ ਅਹਿਮਦਾਬਾਦ ਵਿਚ ਹੋ ਰਿਹਾ ਸੀ ਪਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਲੰਡਨ, ਨਿਊਯਾਰਕ, ਬਰਲਿਨ, ਵਾਸ਼ਿੰਗਟਨ, ਦੁਬਈ ਤੋਂ ਵੀ ਪ੍ਰਸ਼ੰਸਕ ਇੱਥੇ ਮੈਚ ਦੇਖਣ ਲਈ ਪਹੁੰਚੇ। ਸ਼ਨਿਚਰਵਾਰ ਨੂੰ ਅਹਿਮਦਾਬਾਦ ਨੀਲੇ ਰੰਗ ਨਾਲ ਰੰਗਿਆ ਸੀ। ਸਟੇਡੀਅਮ ਨੂੰ ਜਾਂਦੇ ਹੋਏ ਬੱਸ ਨੇ ਜਿਵੇਂ ਹੀ ਉਸਮਾਨਪੁਰਾ ਖੇਤਰ ਨੂੰ ਪਾਰ ਕੀਤਾ, ਇਕ ‘ਇਲੈਕਟਰਾਨਿਕ ਸਾਈਨ ਬੋਰਡ’ ’ਤੇ ਲਿਖਿਆ ਦੇਖਿਆ ਗਿਆ, ‘ਅਹਿਮਦਾਬਾਦ ਸ਼ਹਿਰ 35 ਡਿਗਰੀ, ਮੋਟੇਰਾ -37 ਡਿਗਰੀ ਸੈਲਸੀਅਸ’। ਮੈਚ ਦੁਪਹਿਰ 2 ਵਜੇ ਸ਼ੁਰੂ ਹੋਇਆ ਪਰ ਸਵੇਰੇ 8 ਵਜੇ ਤੋਂ ਹੀ ਸਟੇਡੀਅਮ ਦੇ ਬਾਹਰ ਭਾਰਤ-ਭਾਰਤ ਦੇ ਨਾਅਰੇ ਲੱਗ ਰਹੇ ਸੀ। 11 ਵਜੇ ਇੰਝ ਲੱਗ ਰਿਹਾ ਸੀ ਜਿਵੇਂ ਬਲੂ ਆਰਮੀ ਸੜਕਾਂ ’ਤੇ ਮਾਰਚ ਕਰ ਰਹੀ ਹੋਵੇ। ਜਿਧਰ ਵੀ ਦੇਖਿਆ, ਹੱਥਾਂ ’ਚ ਤਿਰੰਗੇ ਨਾਲ ਨੀਲੀ ਜਰਸੀ ਪਹਿਨੇ ਪ੍ਰਸ਼ੰਸਕ ਹੀ ਨਜ਼ਰ ਆ ਰਹੇ ਸੀ। ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਦੀ ਗਿਣਤੀ ਸੈਂਕੜੇ ਤੱਕ ਵੀ ਨਹੀਂ ਪਹੁੰਚ ਸਕੀ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਆਦਿ ਵਿਚ ਰਹਿਣ ਵਾਲੇ ਪਾਕਿਸਤਾਨੀ ਵੀ ਸਨ। ਅਹਿਮਦਾਬਾਦ ਐਤਵਾਰ ਰਾਤ ਤੋਂ ਨਰਾਤਿਆਂ ਦੇ ਜਸ਼ਨਾਂ ਵਿਚ ਲੀਨ ਹੋ ਜਾਵੇਗਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਗੁਜਰਾਤੀਆਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ। ਟਾਸ ਤੋਂ ਪਹਿਲਾਂ ਸ਼ੰਕਰ ਮਹਾਦੇਵਨ, ਸੁਨਿਧੀ ਚੌਹਾਨ, ਅਰਿਜੀਤ ਸਿੰਘ ਨੇ ‘ਵੰਦੇ ਮਾਤਰਮ’ ਗਾ ਕੇ ਮਾਹੌਲ ਨੂੰ ਜੋਸ਼ੀਲੀ ਬਣਾ ਦਿੱਤਾ। ਜਦੋਂ ਮਹਾਦੇਵਨ ਨੇ ਗ੍ਰੈਂਡ ਮੋਟੇਰਾ ’ਚ ‘ਸੁਣੋ ਗੌਰ ਸੇ ਦੁਨੀਆਵਾਲਾਂ’ ਗਾਉਣਾ ਸ਼ੁਰੂ ਕੀਤਾ ਤਾਂ ਅੱਧੇ ਤੋਂ ਵੱਧ ਸਟੇਡੀਅਮ ਉਸ ਦੇ ਨਾਲ ਹੀ ਗਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਉਤਸ਼ਾਹ ਉਸ ਸਮੇਂ ਸਿਖਰ ’ਤੇ ਪਹੁੰਚ ਗਿਆ ਜਦੋਂ ਸਚਿਨ ਤੇਂਦੁਲਕਰ ਵਿਸ਼ਵ ਕੱਪ ਟਰਾਫੀ ਲੈ ਕੇ ਮੈਦਾਨ ’ਚ ਆਏ। ਇਸ ਤੋਂ ਬਾਅਦ ਜਦੋਂ ਜਨਗਣ ਮਨ ਸ਼ੁਰੂ ਹੋਇਆ ਤਾਂ ਇੱਥੇ ਖੜ੍ਹਾ ਹਰ ਵਿਅਕਤੀ ਦਾ ਰੋਮ ਰੋਮ ਖੜ੍ਹਾ ਹੋ ਗਿਆ। ਜਦੋਂ ਇੱਕ ਲੱਖ ਤੋਂ ਵੱਧ ਲੋਕਾਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਇੰਝ ਲੱਗਦਾ ਸੀ ਜਿਵੇਂ ਅਸੀਂ ਕਿਸੇ ਹੋਰ ਦੁਨੀਆ ਵਿਚ ਹਾਂ। ਮੈਂ ਪਿਛਲੇ ਸਾਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ, ਮੈਲਬੌਰਨ ਕ੍ਰਿਕਟ ਗਰਾਊਂਡ ਵਿਚ ਭਾਰਤ-ਪਾਕਿਸਤਾਨ ਮੈਚ ਵਿਚ ਅਜਿਹਾ ਹੀ ਦ੍ਰਿਸ਼ ਦੇਖਿਆ ਸੀ, ਪਰ ਉੱਥੇ ਪਾਕਿਸਤਾਨੀ ਵੀ ਕਾਫੀ ਗਿਣਤੀ ਵਿਚ ਮੌਜੂਦ ਸਨ। ਪਾਕਿਸਤਾਨ ਦੀ ਪਹਿਲੀ ਪਾਰੀ ਦੇ ਆਲ ਆਊਟ ਹੋਣ ਤੋਂ ਬਾਅਦ 10 ਮਿੰਟ ਦਾ ਪ੍ਰੋਗਰਾਮ ਹੋਇਆ। ਇਸ ਦੌਰਾਨ ਮੈਚ ਦੌਰਾਨ ਡੀਜੇ ’ਤੇ ਜੈ ਸ਼੍ਰੀ ਰਾਮ ਦਾ ਗਾਣਾ ਵੱਜ ਰਿਹਾ ਸੀ ਅਤੇ ਦਰਸ਼ਕ ਝੂਮ ਰਹੇ ਸੀ।
5 ਲੱਖ ਰੁਪਏ ਤੱਕ ਵਿਕੀ ਟਿਕਟ
ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੇ ਬਲੈਕ ਵਿਚ 5 ਲੱਖ ਰੁਪਏ ਤੱਕ ਦੀਆਂ ਟਿਕਟਾਂ ਖਰੀਦੀਆਂ। ਅਮਰੀਕਾ ਤੋਂ ਆਏ ਰਾਜੇਸ਼ ਨੇ ਦੱਸਿਆ ਕਿ ਟਿਕਟ ਆਨਲਾਈਨ ਨਾ ਮਿਲਣ ਕਾਰਨ ਮੈਂ ਇੰਸਟਾਗ੍ਰਾਮ ’ਤੇ ਕਿਸੇ ਨਾਲ ਸੰਪਰਕ ਕੀਤਾ ਅਤੇ 500,000 ਰੁਪਏ ਦੀ ਟਿਕਟ ਖਰੀਦੀ। ਹਾਲਾਂਕਿ ਇਸਦੀ ਅਸਲ ਕੀਮਤ 30000 ਰੁਪਏ ਸੀ। ਇਸ ਤੋਂ ਇਲਾਵਾ 2000 ਰੁਪਏ ਦੀ ਟਿਕਟ 26000 ਰੁਪਏ ਵਿਚ ਅਤੇ 3500 ਰੁਪਏ ਦੀ ਟਿਕਟ 35000 ਰੁਪਏ ਵਿਚ ਵਿਕ ਗਈ। 1.3 ਲੱਖ ਦਰਸ਼ਕਾਂ ਦੀ ਸਮਰੱਥਾ ਵਾਲਾ ਸਟੇਡੀਅਮ ਸ਼ਾਮ ਤੱਕ ਲਗਭਗ ਹਾਊਸਫੁੱਲ ਸੀ। ਭਾਰਤ-ਪਾਕਿਸਤਾਨ ਮੈਚ ਦੌਰਾਨ ਇੱਥੋਂ ਦੇ ਹੋਟਲ, ਰੈਸਟੋਰੈਂਟ ਅਤੇ ਹਵਾਬਾਜ਼ੀ ਕੰਪਨੀਆਂ ਨੇ ਭਾਰੀ ਮੁਨਾਫਾ ਕਮਾਇਆ ਹੈ। ਉਂਜ ਟਿਕਟਾਂ ਦੀ ਜਿੰਨੀ ਕਾਲਾਬਾਜ਼ਾਰੀ ਇੱਥੇ ਹੁੰਦੀ ਹੈ, ਓਨੀ ਘੱਟ ਹੀ ਕਿਤੇ ਹੋਰ ਦੇਖਣ ਨੂੰ ਮਿਲਦੀ ਹੈ।



