ਪੰਜਾਬੀ ਜਾਗਰਣ ਕੇਂਦਰ, ਨਵੀਂ ਦਿੱਲੀ: ਇਹ ਤੱਥ ਜੱਗ ਜ਼ਾਹਿਰ ਹੈ ਕਿ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਚੀਨ ਲਗਾਤਾਰ ਆਪਣੇ ਫ਼ੌਜੀ ਟਿਕਾਣੇ ਕਾਇਮ ਕਰ ਰਿਹਾ ਹੈ। ਉਸ ਨੇ ਆਪਣੇ ਉਨ੍ਹਾਂ ਇਲਾਕਿਆਂ ‘ਚ ਕੰਕਰੀਟ ਦੀਆਂ ਸੜਕਾਂ ਦਾ ਜਾਲ਼ ਵਿਛਾ ਲਿਆ ਹੈ ਤਾਂ ਜੋ ਲੋੜ ਪੈਣ ‘ਤੇ ਉਸ ਦੀ ਫ਼ੌਜ ਦੀ ਆਵਾਜਾਈ ਸੁਖਾਵੇਂ ਢੰਗ ਨਾਲ ਹੋ ਸਕੇ। ਉਸ ਨੇ ਭਾਰੀ ਮਾਤਰਾ ‘ਚ ਆਪਣੀ ਫ਼ੌਜ ਅਤੇ ਅਤਿ–ਆਧੁਨਿਕ ਉਪਕਰਣ ਵੀ ਭਾਰਤੀ ਸਰਹੱਦ ਨਾਲ ਤਾਇਨਾਤ ਕਰ ਦਿੱਤੀ ਹੈ। ਭਾਰਤ ਸਰਕਾਰ ਨੇ ਇਸ ਦੇ ਜਵਾਬ ‘ਚ ‘ਪ੍ਰੋਜੈਕਟ ਜ਼ੋਰਾਵਰ’ ਚਲਾਇਆ ਹੈ, ਜਿਸ ਅਧੀਨ ਲੱਦਾਖ ਦੇ ਨਾਜ਼ੁਕ ਇਲਾਕਿਆਂ ‘ਚ ਹਲਕੇ ਇੰਜਣਾਂ ਵਾਲੇ 354 ਟੈਂਕ ਤਾਇਨਾਤ ਕੀਤੇ ਜਾਣੇ ਹਨ। ਇਹ ਇਲਾਕਾ ਉੱਚਾ–ਨੀਂਵਾਂ ਤੇ ਪਹਾੜੀ ਹੋਣ ਕਾਰਣ ਭਾਰੀ ਟੈਂਕ ਉੱਥੇ ਜਾ ਨਹੀਂ ਸਕਦੇ, ਇਸੇ ਲਈ ਹੁਣ ਭਾਰਤ ਨੂੰ ਉੱਥੇ ਲਈ ਖ਼ਾਸ ਹਲਕੇ ਟੈਂਕਾਂ ਦੀ ਛੇਤੀ ਜ਼ਰੂਰਤ ਹੈ।

ਪਹਿਲਾਂ ਭਾਰਤ ਨੇ ਹਲਕੇ ਟੈਂਕ ਖ਼ਰੀਦਣ ਲਈ ਜਰਮਨੀ ਦੀ ਲਾਰਸਨ ਐਂਡ ਟੂਬਰੋ ਕੰਪਨੀ ਨਾਲ ਸਮਝੌਤਾ ਕੀਤਾ ਸੀ। ਇਹ ਸਮਝੌਤਾ ਭਾਰਤ ਦੇ ‘ਰੱਖਿਆ ਖੋਜ ਤੇ ਵਿਕਾਸ ਸੰਗਠਨ’ (ਡੀਆਰਡੀਓ) ਰਾਹੀਂ ਕੀਤਾ ਗਿਆ ਸੀ ਪਰ ਜਰਮਨ ਕੰਪਨੀ ਨੇ ਉਸ ਸਮਝੌਤੇ ‘ਤੇ ਖਰੀ ਨਹੀਂ ਉੱਤਰ ਸਕੀ। ਦਰਅਸਲ, ਪਹਾੜਾਂ ‘ਤੇ ਤਾਇਨਾਤੀ ਲਈ ਜਿੰਨੇ ਹਲਕੇ ਵਜ਼ਨ ਦਾ ਇੰਜਣ ਸਪਲਾਈ ਵਾਸਤੇ ਚੁਣਿਆ ਗਿਆ ਸੀ, ਉਸ ‘ਚ ਉਹ ਕੰਪਨੀ ਲੋੜੀਂਦੀ ਤਾਕਤ ਮੁਹੱਈਆ ਨਹੀਂ ਕਰਵਾ ਸਕਦੀ। ਉਸ ਕੋਲ ਸ਼ਾਇਦ ਅਜਿਹੀ ਤਕਨਾਲੋਜੀ ਉਪਲਬਧ ਨਹੀਂ ਹੈ। ਰੱਖਿਆ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੇ ਕਈ ਮਹੀਨਿਆਂ ਤੱਕ ਜਰਮਨੀ ਦੀ ਕੰਪਨੀ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ। ਕੂਟਨੀਤਕ ਪੱਧਰ ‘ਤੇ ਵੀ ਇਸ ਸਬੰਧੀ ਵਿਚਾਰ–ਵਟਾਂਦਰਾ ਹੋ ਚੁੱਕਾ ਹੈ। ਜਦੋਂ ਇਹ ਮਾਮਲਾ ਕਿਸੇ ਤਣ–ਪੱਤਣ ਨਾ ਲੱਗਾ, ਤਾਂ ਅਮਰੀਕੀ ਕੰਪਨੀਆਂ ਨਾਲ ਗੱਲਬਾਤ ਅਰੰਭੀ ਗਈ। ਅਖ਼ੀਰ, ਅਮਰੀਕਨ ਕੰਪਨੀ ‘ਕਮਿਨਜ਼’ ਨੇ ਭਾਰਤੀ ਸ਼ਰਤਾਂ ਮੁਤਾਬਕ ਹਲਕੇ ਪਰ ਤਾਕਤਵਰ ਟੈਂਕ–ਇੰਜਣ ਸਪਲਾਈ ਕਰਨ ਲਈ ਹਾਮੀ ਭਰ ਦਿੱਤੀ।

ਹੁਣ ਕੁੱਲ 354 ਟੈਂਕਾਂ ਵਿੱਚੋਂ 59 ਟੈਂਕ ਤਾਂ ਲਾਰਸਨ ਐਂਡ ਟੂਬਰੋ ਅਤੇ ਡੀਆਰਡੀਓ ਮਿਲ ਕੇ ਤਿਆਰ ਕਰਨਗੇ, ਜਦ ਕਿ ਬਾਕੀ ਦੇ 295 ਟੈਂਕ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਰਾਹੀਂ ਭਾਰਤੀ ਕੰਪਨੀਆਂ ਵੱਲੋਂ ਤਿਆਰ ਕੀਤੇ ਜਾਣਗੇ। ਪ੍ਰੋਜੈਕਟ ਜ਼ੋਰਾਵਰ ਅਧੀਨ ਤਿਆਰ ਹੋਣ ਵਾਲੇ ਟੈਂਕ ਆਧੁਨਿਕ ਜੰਗੀ ਸਹੂਲਤਾਂ, ਜੰਗੀ ਡ੍ਰੋਨ, ਸਰਗਰਮ ਸੁਰੱਖਿਆ ਪ੍ਰਣਾਲੀਆਂ ਅਤੇ ਹੋਰ ਖ਼ਾਸੀਅਤਾਂ ਨਾਲ ਲੈਸ ਹੋਣਗੇ। ਇਨ੍ਹਾਂ ਟੈਂਕਾਂ ਦੀ ਚੇਸਿਸ ਕੇ9 ਵਜਰਾ ਸੈਲਫ਼–ਪ੍ਰੋਪੈਲਡ ਆਰਟਿਲਰੀ ਉੱਤੇ ਆਧਾਰਤ ਹੋਵੇਗੀ, ਜੋ ਇਸ ਵੇਲੇ ਭਾਰਤੀ ਫ਼ੌਜ ‘ਚ ਪਹਿਲਾਂ ਹੀ ਵਰਤੀ ਜਾ ਰਹੀ ਹੈ। ਇਹ ਹਲਕੇ ਟੈਂਕ ਵੱਖੋ–ਵੱਖਰੇ ਉੱਚੇ–ਨੀਂਵੇਂ, ਪਹਾੜੀ, ਮੈਦਾਨੀ ਅਤੇ ਟਾਪੂਆਂ ਉੱਤੇ ਭਾਵ ਹਰ ਤਰ੍ਹਾਂ ਦੇ ਇਲਾਕਿਆਂ ਲਈ ਤਿਆਰ ਕੀਤੇ ਜਾਣਗੇ।

ਇੱਥੇ ਵਰਨਣਯੋਗ ਹੈ ਕਿ ਚੀਨ ਪਹਿਲਾਂ ਸਾਲ 2020 ‘ਚ ਹੀ ਭਾਰਤੀ ਸਰਹੱਦ (ਅਸਲ ਕੰਟਰੋਲ ਰੇਖਾ) ਨਾਲ ਲੱਗਦੇ ਪਹਾੜੀ ਇਲਾਕਿਆਂ ‘ਤੇ ਨਵੇਂ 15 ਹਲਕੇ ਟੈਂਕ ਤਾਇਨਾਤ ਕਰ ਚੁੱਕਾ ਹੈ। ਭਾਰਤੀ ਥਲ ਸੈਨਾ ਨੇ ਜਵਾਬੀ ਕਾਰਵਾਈ ‘ਚ ਕਈ ਟੀ*72 ਅਤੇ ਟੀ–90 ਟੈਂਕ ਤਾਇਨਾਤ ਕਰਵਾਏ ਸਨ। ਉਹ ਹੁਣ ਤੱਕ ਵਿਰੋਧੀ ਫ਼ੌਜ ਨੂੰ ਰੋਕਣ ਦੇ ਸਮਰੱਥ ਤਾਂ ਹਨ ਪਰ ਉਹ ਅਸਲ ‘ਚ ਮੈਦਾਨੀ ਤੇ ਰੇਗਿਸਤਾਨੀ ਇਲਾਕਿਆਂ ਲਈ ਤਿਆਰ ਕੀਤੇ ਗਏ ਹਨ। ਇਸੇ ਲਈ ਪਹਾੜੀ ਖੇਤਰਾਂ ‘ਚ ਉਨ੍ਹਾਂ ਦੀ ਤਾਇਨਾਤੀ ਦਾ ਕੋਈ ਬਹੁਤਾ ਲਾਹਾ ਭਾਰਤੀ ਫ਼ੌਜ ਨੂੰ ਨਹੀਂ ਮਿਲ ਸਕਦਾ।